ਪਾਕਿ ਨੇ ਜਾਧਵ ਨੂੰ ਸਫ਼ਾਰਤੀ ਰਸਾਈ ਦੀ ਅਜੇ ਨਹੀਂ ਦਿੱਤੀ ਮਨਜ਼ੂਰੀ

ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਕੁਲਭੂਸ਼ਨ ਜਾਧਵ ਵਿਚਕਾਰ ਸ਼ੁੱਕਰਵਾਰ ਨੂੰ ਬੈਠਕ ਨਹੀਂ ਹੋ ਸਕੀ। ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਸਫ਼ਾਰਤੀ ਰਸਾਈ ਦੀਆਂ ਸ਼ਰਤਾਂ ਬਾਰੇ ਦੋਹਾਂ ਮੁਲਕਾਂ ਵਿਚਾਲੇ ਮੱਤਭੇਦ ਬਣੇ ਰਹਿਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਭਾਰਤ ਚਾਹੁੰਦਾ ਸੀ ਕਿ ਇਹ ਮੁਲਾਕਾਤ ਬਿਨਾਂ ਸ਼ਰਤ ਕਰਵਾਈ ਜਾਵੇ। ਕੂਟਨੀਤਕ ਸੂਤਰਾਂ ਮੁਤਾਬਕ ਬੈਠਕ ਸ਼ੁੱਕਰਵਾਰ ਨੂੰ 3 ਵਜੇ ਤੈਅ ਕੀਤੀ ਗਈ ਸੀ। ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਨੂੰ ਸੁਨੇਹਾ ਭੇਜ ਕੇ ਸਪੱਸ਼ਟ ਕੀਤਾ ਸੀ ਕਿ ਸਫ਼ਾਰਤੀ ਰਸਾਈ ਦੇਣ ਸਮੇਂ ਕੋਈ ਸ਼ਰਤ ਨਾ ਰੱਖੀ ਜਾਵੇ। ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤੀ ਸਫ਼ਾਰਤੀ ਅਧਿਕਾਰੀਆਂ ਦੀ ਜਾਧਵ ਨਾਲ ਮੁਲਾਕਾਤ ਸਮੇਂ ਪਾਕਿਸਤਾਨੀ ਅਧਿਕਾਰੀ ਵੀ ਹਾਜ਼ਰ ਰਹੇਗਾ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਜਾਧਵ ਨਾਲ ਮੁਲਾਕਾਤ ਨਾ ਹੋਣ ਦੇ ਵੇਰਵੇ ਅਜੇ ਸਪੱਸ਼ਟ ਨਹੀਂ ਕੀਤੇ ਹਨ। ਜ਼ਿਕਰਯੋਗ ਹੈ ਕਿ ਜਾਧਵ (49) ਨੂੰ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅਤਿਵਾਦ ਫੈਲਾਉਣ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਜਿਸ ਮਗਰੋਂ ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਦਾ ਰੁਖ ਕੀਤਾ ਸੀ ਜਿਥੇ ਉਸ ਦੀ ਸਜ਼ਾ-ਏ-ਮੌਤ ’ਤੇ ਰੋਕ ਲੱਗ ਗਈ ਸੀ।

Previous articleਦਾਦਿਆਂ ਵੱਲੋਂ ਦਾਇਰ ਕੇਸਾਂ ਦੇ ਫੈਸਲੇ ਉਡੀਕ ਰਹੇ ਨੇ ਪੋਤੇ
Next articleਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕੇ ਰਹਾਂਗੇ: ਬੈਂਸ