ਕਰਤਾਰਪੁਰ ਲਾਂਘੇ ਸਬੰਧੀ ਵਾਰਤਾ ਤੋਂ ਪਹਿਲਾਂ ਭਾਰਤ ਦੇ ਦਬਾਅ ਹੇਠ ਉਠਾਇਆ ਕਦਮ
ਭਾਰਤ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਖਾਲਿਸਤਾਨ ਪੱਖੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਪੀਜੀਸੀ) ’ਚੋਂ ਹਟਾ ਦਿੱਤਾ ਹੈ। ਕਮੇਟੀ ਕਰਤਾਰਪੁਰ ਲਾਂਘੇ ਨਾਲ ਸਬੰਧਤ ਕੰਮਕਾਜ ਨੂੰ ਦੇਖ ਰਹੀ ਹੈ। ਕਰਤਾਰਪੁਰ ਲਾਂਘੇ ਸਬੰਧੀ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਐਤਵਾਰ ਨੂੰ ਵਾਹਗਾ ’ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਇਹ ਕਦਮ ਉਠਾਇਆ ਹੈ। ਉਂਜ ਪਾਕਿਸਤਾਨ ਨੇ ਖਾਲਿਸਤਾਨ ਪੱਖੀ ਇਕ ਹੋਰ ਆਗੂ ਨੂੰ ਕਮੇਟੀ ’ਚ ਸ਼ਾਮਲ ਕਰ ਲਿਆ ਹੈ।
ਭਾਰਤ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ 10 ਮੈਂਬਰੀ ਨਵੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਜਿਸ ’ਚ ਚਾਵਲਾ ਦਾ ਨਾਮ ਸ਼ਾਮਲ ਨਹੀਂ ਹੈ। ਉਹ ਪੀਐਸਜੀਪੀਸੀ ’ਚ ਜਨਰਲ ਸਕੱਤਰ ਸੀ। ਕਮੇਟੀ ’ਚ ਖਾਲਿਸਤਾਨ ਪੱਖੀ ਆਗੂ ਅਮੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅਮੀਰ ਸਿੰਘ ਖਾਲਿਸਤਾਨੀ ਆਗੂ ਬਿਸ਼ਨ ਸਿੰਘ ਦਾ ਭਰਾ ਹੈ। ਸੂਤਰਾਂ ਮੁਤਾਬਕ ਅਮੀਰ ਸਿੰਘ ਪਾਕਿਸਤਾਨ ’ਚ ਖਾਲਿਸਤਾਨੀ ਲਹਿਰ ਦੇ ਮੋਹਰੀ ਆਗੂਆਂ ’ਚ ਸ਼ਾਮਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ ਪਰ ਭਾਰਤ ਨੇ ਕਮੇਟੀ ’ਚ ਖਾਲਿਸਤਾਨ ਪੱਖੀ ਅਨਸਰਾਂ ਦੀ ਸ਼ਮੂਲੀਅਤ ’ਤੇ ਇਤਰਾਜ਼ ਜਤਾਏ ਸਨ। ਉਧਰ ਨਵੀਂ ਦਿੱਲੀ ’ਚ ਸੂਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਵਾਹਗਾ ’ਤੇ ਹੋਣ ਵਾਲੀ ਬੈਠਕ ਤੋਂ ਵੱਡੀਆਂ ਉਮੀਦਾਂ ਹਨ।