ਭਾਰਤ ਨੇ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 43.1 ਓਵਰਾਂ ਵਿੱਚ 172 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਭਾਰਤ ਨੇ 35.2 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 176 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ।
ਪਾਕਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉੱਤਰੀ ਭਾਰਤੀ ਟੀਮ ਦੀ ਸਲਾਮੀ ਜੋੜੀ ਯਸ਼ਸਵੀ ਜੈਸਵਾਲ ਤੇ ਦਿਵਿਆਂਸ਼ ਸਕਸੈਨਾ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਬਿਨਾਂ ਕਿਸੇ ਨੁਕਸਾਨ ਦੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਜੈਸਵਾਲ ਨੇ ਅੱਜ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 113 ਗੇਂਦਾਂ ਵਿੱਚ 105 ਦੌੜਾਂ ਦੀ ਪਾਰੀ ਖੇਡੀ ਜਦਕਿ ਸਕਸੈਨਾ ਨੇ 99 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸੁਸ਼ਾਂਤ ਮਿਸ਼ਰਾ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਸ਼ਨ ਨਾਲ ਭਾਰਤ ਨੇ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ 172 ਦੌੜਾਂ ’ਤੇ ਰੋਕ ਦਿੱਤਾ। ਮਿਸ਼ਰਾ ਨੇ 28 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਕਾਰਤਿਕ ਤਿਆਗੀ (32 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਰਵੀ ਬਿਸ਼ਨੋਈ (46 ਦੌੜਾਂ ਦੇ ਕੇ ਦੋ ਵਿਕਟਾਂ) ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਪਾਕਿਸਤਾਨ ਦੀ ਅੰਡਰ-19 ਟੀਮ 43.1 ਓਵਰ ’ਚ ਸਿਮਟ ਲਈ। ਪਾਕਿਸਤਾਨ ਨੇ ਅਹਿਮ ਛੇ ਵਿਕਟਾਂ ਸਿਰਫ਼ 26 ਦੌੜਾਂ ਜੋੜ ਕੇ ਹੀ ਗੁਆ ਦਿੱਤੀਆਂ ਸਨ। ਪਾਕਿਸਤਾਨ ਵੱਲੋਂ ਕਪਤਾਨ ਰੋਹੇਲ ਨਜ਼ੀਰ ਨੇ 102 ਗੇਂਦਾਂ ’ਚ ਛੇ ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 62 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਹੈਦਰ ਅਲੀ (56) ਨੇ ਵੀ ਨੀਮ ਸੈਂਕੜਾ ਜੜਿਆ। ਦੋਵਾਂ ਨੇ ਹੀ ਤੀਜੀ ਵਿਕਟ ਲਈ 62 ਦੌੜਾਂ ਦੀ ਅਹਿਮ ਭਾਈਵਾਲੀ ਵੀ ਕੀਤੀ।
HOME ਪਾਕਿ ਨੂੰ ਹਰਾ ਕੇ ਭਾਰਤ ਫਾਈਨਲ ’ਚ