ਸਰਹੱਦ ’ਤੇ ਭਾਰਤੀ ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ ਮਾਰੇ ਗਏ ਆਪਣੇ ਦੋ ਜਵਾਨਾਂ ਦੀਆਂ ਲਾਸ਼ਾਂ ਲੈਣ ਲਈ ਪਾਕਿਸਤਾਨੀ ਫ਼ੌਜ ਨੂੰ ਸਫ਼ੈਦ ਝੰਡਾ ਲਹਿਰਾਉਣਾ ਪਿਆ। ਥਲ ਸੈਨਾ ਨੇ ਸ਼ਨਿਚਰਵਾਰ ਨੂੰ ਇਸ ਘਟਨਾ ਦਾ 1.47 ਮਿੰਟ ਦਾ ਵੀਡੀਓ ਰਿਲੀਜ਼ ਕੀਤਾ ਹੈ ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਆਪਣੇ ਜਵਾਨਾਂ ਦੀਆਂ ਲਾਸ਼ਾਂ ਲੈਣ ਲਈ ਪਾਕਿਸਤਾਨੀ ਫ਼ੌਜ ਦੇ ਜਵਾਨ ਸਫ਼ੈਦ ਝੰਡਾ ਲਹਿਰਾ ਰਹੇ ਹਨ।
ਥਲ ਸੈਨਾ ਦੇ ਸੂਤਰਾਂ ਨੇ ਕਿਹਾ ਕਿ 10-11 ਸਤੰਬਰ ਨੂੰ ਮਕਬੂਜ਼ਾ ਕਸ਼ਮੀਰ ਦੇ ਹਾਜੀਪੀਰ ਸੈਕਟਰ ’ਚ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਸਿਪਾਹੀ ਗੁਲਾਮ ਰਸੂਲ (ਪੰਜਾਬ ਰੈਜਮੈਂਟ) ਨੂੰ ਮਾਰ ਮੁਕਾਇਆ ਸੀ। ਰਸੂਲ ‘ਪੰਜਾਬੀ ਮੁਸਲਿਮ’ ਸੀ ਜੋ ਲਹਿੰਦੇ ਪੰਜਾਬ ਦੇ ਬਹਾਵਲਨਗਰ ਦਾ ਵਸਨੀਕ ਸੀ। ਪਾਕਿਸਤਾਨ ਦੇ ਫ਼ੌਜੀਆਂ ਨੇ ਪਹਿਲਾਂ ਤਾਂ ਗੋਲੀਆਂ ਦੀ ਆੜ ਹੇਠ ਆਪਣੇ ਜਵਾਨ ਦੀ ਲਾਸ਼ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਇਕ ਹੋਰ ਪਾਕਿਸਤਾਨੀ ‘ਪੰਜਾਬੀ ਮੁਸਲਿਮ’ ਜਵਾਨ ਮਾਰਿਆ ਗਿਆ।
ਦੋ ਦਿਨਾਂ ਤਕ ਜਦੋਂ ਪਾਕਿਸਤਾਨੀ ਫ਼ੌਜ ਆਪਣੇ ਜਵਾਨਾਂ ਦੀਆਂ ਲਾਸ਼ਾਂ ਹਾਸਲ ਨਹੀਂ ਕਰ ਸਕੀ ਤਾਂ 13 ਸਤੰਬਰ ਨੂੰ ਪਾਕਿਸਤਾਨ ਦੀ ਪੰਜਾਬ ਰੈਜਮੈਂਟ ਦੇ ਜਵਾਨਾਂ ਨੇ ਸਫ਼ੈਦ ਝੰਡਾ ਲਹਿਰਾ ਕੇ ਲਾਸ਼ਾਂ ਉਥੋਂ ਚੁੱਕਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਮ੍ਰਿਤਕ ਜਵਾਨਾਂ ਦੇ ਸਨਮਾਨ ’ਚ ਪਾਕਿਸਤਾਨੀਆਂ ਨੂੰ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਲੈਣ ਦੀ ਇਜਾਜ਼ਤ ਦੇ ਦਿੱਤੀ। ਸੂਤਰਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਕਸ਼ਮੀਰੀਆਂ, ਨਾਰਦਰਨ ਲਾਈਟ ਇਨਫੈਂਟਰੀ ਦੇ ਜਵਾਨਾਂ ਅਤੇ ਦਹਿਸ਼ਤਗਰਦਾਂ ਨੂੰ ਨਕਾਰ ਦਿੰਦੀ ਹੈ ਪਰ ‘ਪੰਜਾਬੀ ਮੁਸਲਿਮ’ ਜਵਾਨਾਂ ਨੂੰ ਪੂਰਾ ਮਾਣ ਦਿੰਦੀ ਹੈ।
INDIA ਪਾਕਿ ਨੂੰ ਦੋ ਜਵਾਨਾਂ ਦੀਆਂ ਲਾਸ਼ਾਂ ਲੈਣ ਲਈ ਦਿਖਾਉਣਾ ਪਿਆ ਸਫ਼ੈਦ ਝੰਡਾ