ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਨਾਲ ਕ੍ਰਿਕਟ ਵਿਸ਼ਵ ਕੱਪ ’ਚ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ‘ਖੇਡ’ ਸ਼ੁਰੂ ਹੋ ਗਈ ਹੈ। ਭਾਰਤੀ ਕ੍ਰਿਕਟ ਦਾ ਕੰਮਕਾਰ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਕਿਹਾ ਹੈ ਕਿ ਉਹ ਇਸ ਬਾਰੇ ਸਰਕਾਰ ਦੀ ਸਲਾਹ ਮਗਰੋਂ ਕੋਈ ਫ਼ੈਸਲਾ ਲੈਣਗੇ ਅਤੇ ਆਈਸੀਸੀ ਅਤੇ ਹੋਰ ਮੈਂਬਰਾਂ ਨੂੰ ਬੇਨਤੀ ਕਰਨਗੇ ਕਿ ਅਜਿਹੇ ਮੁਲਕ ਨਾਲ ਰਿਸ਼ਤੇ ਤੋੜ ਲਏ ਜਾਣ ਜੋ ਅਤਿਵਾਦ ਦਾ ਗੜ੍ਹ ਹੈ। ਉਧਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਓਲਡ ਟਰੈਫਰਡ (ਇੰਗਲੈਂਡ) ’ਚ ਪਾਕਿਸਤਾਨ ਖ਼ਿਲਾਫ਼ 16 ਜੂਨ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ ਮੁਕਾਬਲੇ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੈਚ ਦੇ ਸਬੰਧ ’ਚ ਲੱਗ ਰਹੀਆਂ ਕਿਆਸਅਰਾਈਆਂ ਨੂੰ ਖ਼ਤਮ ਕਰਨ ਲਈ ਹੋਈ ਬੈਠਕ ’ਚ ਸੀਓਏ ਨੇ ਵਿਚਾਰ ਵਟਾਂਦਰਾ ਕੀਤਾ ਪਰ ਮੈਚ ਖੇਡਣ ਜਾਂ ਨਾ ਖੇਡਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ। ਸੀਓਏ ਦੇ ਮੁਖੀ ਵਿਨੋਦ ਰਾਏ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਕਿਹਾ,‘‘16 ਜੂਨ ਅਜੇ ਬਹੁਤ ਦੂਰ ਹੈ। ਅਸੀਂ ਬਾਅਦ ’ਚ ਇਸ ’ਤੇ ਸਰਕਾਰ ਦੀ ਸਲਾਹ ਮਗਰੋਂ ਕੋਈ ਫ਼ੈਸਲਾ ਲਵਾਂਗੇ।’’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਸਬੰਧ ’ਚ ਖਿਡਾਰੀਆਂ ਦੀ ਸਲਾਹ ਲਈ ਗਈ ਹੈ ਤਾਂ ਸ੍ਰੀ ਰਾਏ ਨਾਂਹ ’ਚ ਜਵਾਬ ਦਿੱਤਾ। ਉਨ੍ਹਾਂ ਕਿਹਾ,‘‘ਆਈਸੀਸੀ ਨੂੰ ਈ-ਮੇਲ ’ਚ ਅਸੀਂ ਦਹਿਸ਼ਤੀ ਹਮਲੇ ਬਾਰੇ ਆਪਣਾ ਫਿਕਰ ਜਤਾ ਦਿੱਤਾ ਹੈ। ਅਸੀਂ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਦੀ ਸੁਰੱਖਿਆ ਬਾਰੇ ਦੱਸਾਂਗੇ ਕਿ ਇਸ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ।’’ ਉਨ੍ਹਾਂ ਸੰਕੇਤ ਦਿੱਤਾ ਕਿ ਇਸ ਮਾਮਲੇ ਨੂੰ ਦੁਬਈ ’ਚ ਹੋਣ ਵਾਲੀ ਬੋਰਡ ਦੀ ਤਿਮਾਹੀ ਬੈਠਕ ’ਚ ਉਠਾਇਆ ਜਾਵੇਗਾ। ਆਈਸੀਸੀ ਦੀ ਬੈਠਕ 26 ਫਰਵਰੀ ਨੂੰ ਦੋ ਮਾਰਚ ਤਕ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਲਈ ਵੀ ਫਿਕਰਮੰਦ ਹਨ ਕਿ ਜੇਕਰ ਪਾਕਿਸਤਾਨ ਨਾਲ ਮੈਚ ਦਾ ਬਾਈਕਾਟ ਕੀਤਾ ਜਾਂਦਾ ਹੈ ਤਾਂ 2021 ਦੀ ਚੈਂਪੀਅਨਜ਼ ਟਰਾਫੀ ਅਤੇ 2023 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਗੁਆ ਸਕਦਾ ਹੈ।