ਪਾਕਿ ’ਤੇ ਹਮਲੇ ਦੀ ਯੋਜਨਾ ਘੜ ਰਿਹੈ ਭਾਰਤ: ਕੁਰੈਸ਼ੀ

ਇਸਲਾਮਾਬਾਦ (ਸਮਾਜਵੀਕਲੀ):  ਭਾਰਤ ਵੱਲੋਂ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ’ਚੋਂ ਸਟਾਫ਼ ਦੀ ਨਫ਼ਰੀ 50 ਫੀਸਦ ਤਕ ਘਟਾੲੇ ਜਾਣ ਦੀ ਕੀਤੀ ਤਾਕੀਦ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਦੋਸ਼ ਲਾਇਆ ਕਿ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਤੋਂ ਧਿਆਨ ਹਟਾਉਣ ਦੇ ਇਰਾਦੇ ਨਾਲ ਭਾਰਤ ਉਨ੍ਹਾਂ ਦੇ ਮੁਲਕ ’ਤੇ ਹਮਲਾ ਕਰਨ ਦੀ ਯੋਜਨਾ ਘੜ ਰਿਹਾ ਹੈ।

ਜੀਓ ਪਾਕਿਸਤਾਨ ਨਾਲ ਗੱਲਬਾਤ ਕਰਦਿਆਂ ਕੁਰੈਸ਼ੀ ਨੇ ਕਿਹਾ, ‘ਭਾਰਤ ਦੇ ਮਿਜ਼ਾਜ ਤੋਂ ਸਾਫ਼ ਹੈ ਕਿ ਉਹ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਤੋਂ ਧਿਆਨ ਲਾਂਭੇ ਕਰਕੇ ਪਾਕਿਸਤਾਨ ਵੱਲ ਪਾਸੇ ਕਰਨਾ ਲੋਚਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ, ਪਾਕਿਸਤਾਨ ਨਾਲ ਮੱਥਾ ਲਾਉਣ ਲਈ ਬਹਾਨੇ ਘੜ ਰਿਹਾ ਹੈ।’ ਕੁਰੈਸ਼ੀ ਹਾਲਾਂਕਿ ਆਪਣੇ ਇਨ੍ਹਾਂ ਦਾਅਵਿਆਂ ਬਾਰੇ ਨਾ ਕੋਈ ਤਫ਼ਸੀਲ ਤੇ ਨਾ ਹੀ ਕੋਈ ਸਬੂਤ ਪੇਸ਼ ਕਰ ਸਕੇ।

ਕੁਰੈਸ਼ੀ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਕਿ ਨਵੀਂ ਦਿੱਲੀ ਨੇ ਜੇਕਰ ਉਨ੍ਹਾਂ ਦੇ ਮੁਲਕ ’ਤੇ ਹਮਲਾ ਕਰਨ ਦੀ ਹਿਮਾਕਤ ਕੀਤੀ ਤਾਂ ਇਸ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਭਾਰਤ ਵੱਲੋਂ ਪਾਕਿਸਤਾਨੀ ਕੂਟਨੀਤਕਾਂ ’ਤੇ ਜਾਸੂਸੀ ਕਰਨ ਦੇ ਲਾੲੇ ਦੋਸ਼ਾਂ ਨੂੰ ਅਧਾਰਹੀਣ ਦੱਸਿਆ।

Previous articleਰਾਮਦੇਵ ਖਿਲਾਫ਼ ਬਿਹਾਰ ਅਦਾਲਤ ’ਚ ਸ਼ਿਕਾਇਤ ਦਰਜ
Next articleਸਰਕਾਰ ਨੇ ਪੈਟਰੋਲ-ਡੀਜ਼ਲ ਦੇ ਭਾਅ ਤੇ ਕਰੋਨਾ ਨੂੰ ਅਣਲੌਕ ਕੀਤਾ: ਰਾਹੁਲ