ਕਰਾਚੀ (ਸਮਾਜਵੀਕਲੀ) : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਜਹਾਜ਼ ਅੱਜ ਇੱਥੇ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਸੰਘਣੀ ਵਸੋਂ ਵਾਲੇ ਰਿਹਾਇਸ਼ੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਕੁੱਲ 107 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਹੋਣ ਦਾ ਖ਼ਦਸ਼ਾ ਹੈ।
ਅਧਿਕਾਰੀਆਂ ਅਨੁਸਾਰ ਲਾਹੌਰ ਤੋਂ ਚੱਲੀ ਪੀਕੇ-8303 ਉਡਾਣ ਨੇ ਕਰਾਚੀ ਵਿੱਚ ਉਤਰਨਾ ਸੀ ਕਿ ਲੈਂਡਿੰਗ ਤੋਂ ਕੇਵਲ ਇੱਕ ਮਿੰਟ ਪਹਿਲਾਂ ਇਹ ਜਹਾਜ਼ ਮਲੀਰ ਦੀ ਮਾਡਲ ਕਲੋਨੀ ਨੇੜੇ ਜਿਨਾਹ ਮੈਦਾਨ ਵਿੱਚ ਹਾਦਸਾਗ੍ਰਸਤ ਹੋ ਗਿਆ। ਪੀਆਈਏ ਏਅਰਬੱਸ ਏ320 ਵਿੱਚ 99 ਯਾਤਰੀਆਂ ਅਤੇ ਅਮਲੇ ਦੇ ਅੱਠ ਮੈਂਬਰਾਂ ਸਣੇ ਕੁੱਲ 107 ਲੋਕ ਸਵਾਰ ਸਨ। ਸਿੰਧ ਦੇ ਸਿਹਤ ਮੰਤਰੀ ਡਾ. ਅਜ਼ਰਾ ਪੀਚੂਹੁ ਨੇ ਦੱਸਿਆ ਕਿ ਘਟਨਾ ਸਥਾਨ ਤੋਂ 45 ਲਾਸ਼ਾਂ ਕੱਢੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਤਿੰਨ ਯਾਤਰੀ ਬਚ ਗਏ ਹਨ ਅਤੇ ਉਨ੍ਹਾਂ ਦੇ ਕੇਵਲ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਬੈਂਕ ਆਫ ਪੰਜਾਬ ਦੇ ਮੁਖੀ ਜ਼ਫ਼ਰ ਮਸੂਦ ਵਜੋਂ ਹੋਈ ਹੈ, ਜਿਸ ਨੇ ਆਪਣੇ ਜ਼ਿੰਦਾ ਹੋਣ ਦੀ ਜਾਣਕਾਰੀ ਆਪਣੀ ਮਾਂ ਨੂੰ ਫੋਨ ਕਰਕੇ ਦਿੱਤੀ।
ਇਹ ਜਹਾਜ਼ ਹਵਾਈ ਅੱਡੇ ਨੇੜੇ ਬਣੀ ਜਿਨਾਹ ਹਾਊਸਿੰਗ ਸੁਸਾਇਟੀ ’ਤੇ ਜਾ ਕੇ ਡਿੱਗਿਆ। ਉਨ੍ਹਾਂ ਦੱਸਿਆ, ‘‘ਜਹਾਜ਼ ਦੇ ਰਡਾਰ ਤੋਂ ਗਾਇਬ ਹੋਣ ਤੋਂ ਪਹਿਲਾਂ ਕੈਪਟਨ ਵਲੋਂ ਲੈਂਡਿੰਗ ਗੇਅਰ ਦੀ ਸਮੱਸਿਆ ਬਾਰੇ ਏਅਰ ਟਰੈਫਿਕ ਟਾਵਰ ਨੂੰ ਸੂਚਿਤ ਕੀਤਾ ਗਿਆ ਸੀ।’’ ਪਾਕਿਸਤਾਨ ਦੇ ਮੀਡੀਆ ਅਨੁਸਾਰ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਜ਼ਿਆਦਾਤਰ ਸਵਾਰਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਵਾਈ ਹਾਦਸੇ ਵਿੱਚ ਕੀਮਤੀ ਜਾਨਾਂ ਚਲੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਹਵਾਈ ਹਾਦਸੇ ਕਾਰਨ ਜਿਨਾਹ ਸੁਸਾਇਟੀ ਦੇ ਕਈ ਘਰ ਤੇ ਕਾਰਾਂ ਤਬਾਹ ਹੋ ਗਈਆਂ ਅਤੇ ਘਟਨਾ ਸਥਾਨ ਤੋਂ ਕਾਲੇ ਧੂੰਏਂ ਦੇ ਬੱਦਲ ਉੱਠ ਰਹੇ ਸਨ। ਰਾਹਤ ਅਤੇ ਪੁਲੀਸ ਅਧਿਕਾਰੀਆਂ ਨੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਪਾਕਿਸਤਾਨ ਦੀ ਫੌਜ ਅਤੇ ਹਵਾਈ ਸੈਨਾ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਆਪਣੀਆਂ ਟੀਮਾਂ ਭੇਜੀਆਂ ਹਨ। ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਦੇ ਪਰਾਂ ਵਿਚੋਂ ਅੱਗ ਨਿਕਲ ਰਹੀ ਸੀ ਅਤੇ ਇਹ ਕਈ ਘਰਾਂ ਦੀਆਂ ਛੱਤਾਂ ਨਾਲ ਟਕਰਾਉਂਦਾ ਹੋਇਆ ਹੇਠਾਂ ਜਾ ਡਿੱਗਿਆ। ਹਾਦਸੇ ਤੋਂ ਬਾਅਦ ਕਰਾਚੀ ਦੇ ਸਾਰੇ ਮੁੱਖ ਹਸਪਤਾਲਾਂ ਵਿੱਚ ਹੰਗਾਮੀ ਸਥਿਤੀ ਐਲਾਨੀ ਗਈ ਹੈ।