ਆਟੋ ਰਿਕਸ਼ਾ ਚਲਾਉਣ ਵਾਲਾ ਮੁਹੰਮਦ ਰਸ਼ੀਦ ਧੀ ਨੂੰ ਸਾਈਕਲ ਖ਼ਰੀਦ ਕੇ ਦੇਣ ਲਈ ਸਾਲ ’ਚ ਮਹਿਜ਼ 300 ਰੁਪਏ ਬਚਾ ਰਿਹਾ ਸੀ। ਜਦੋਂ ਉਸ ਦੇ ਬੈਂਕ ਖ਼ਾਤੇ ’ਚ ਤਿੰਨ ਅਰਬ ਰੁਪਏ ਮਿਲੇ ਤਾਂ ਉਹ ਪਰੇਸ਼ਾਨ ਹੋ ਗਿਆ। ਇਸ 43 ਸਾਲਾ ਪੀੜਤ ਨੇ ਕਿਹਾ ਕਿ ਖ਼ਾਤੇ ’ਚ ਏਨੀ ਵੱਡੀ ਰਕਮ ਦੇਖ ਕੇ ਉਸ ਨੂੰ ਪਸੀਨਾ ਆ ਗਿਆ ਅਤੇ ਉਹ ਕੰਬਣ ਲੱਗ ਪਿਆ। ਜਦੋਂ ਸੰਘੀ ਜਾਂਚ ਏਜੰਸੀ (ਐਫਆਈਏ) ਨੇ ਉਸ ਨੂੰ ਪੇਸ਼ ਹੋਣ ਲਈ ਕਿਹਾ ਤਾਂ ਰਸ਼ੀਦ ਨੇ ਪਹਿਲਾਂ ਤਾਂ ਲੁਕ ਜਾਣ ਦਾ ਫ਼ੈਸਲਾ ਲਿਆ ਪਰ ਉਸ ਦੇ ਦੋਸਤਾਂ ਅਤੇ ਪਰਿਵਾਰ ਨੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਲਈ ਉਸ ਨੂੰ ਮਨਾ ਲਿਆ। ਭ੍ਰਿਸ਼ਟਾਚਾਰ ਅਤੇ ਟੈਕਸ ਚੋਰੀ ਦੀਆਂ ਅਜਿਹੀਆਂ ਦਰਜਨਾਂ ਖ਼ਬਰਾਂ ਪਾਕਿਸਤਾਨ ਦੇ ਅਖ਼ਬਾਰਾਂ ’ਚ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ ਹਨ। ਆਈਸ ਕ੍ਰੀਮ ਵੇਚਣ ਵਾਲੇ ਮੁਹੰਮਦ ਕਾਦਿਰ ਨੇ ਤਾਂ ਬੈਂਕ ਅੰਦਰ ਜਾ ਕੇ ਵੀ ਨਹੀਂ ਦੇਖਿਆ ਸੀ ਪਰ ਉਸ ਦੇ ਖ਼ਾਤੇ ’ਚ ਸਵਾ ਦੋ ਅਰਬ ਰੁਪਏ ਪੈ ਗਏ ਸਨ। ਸਾਬਕਾ ਕ੍ਰਿਕਟਰ ਨੇ ਟੀਵੀ ’ਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਲੋਕਾਂ ਦੇ ਖ਼ਾਤਿਆਂ ’ਚ ਅਚਾਨਕ ਆ ਰਿਹਾ ਪੈਸਾ ਚੋਰੀ ਕੀਤਾ ਹੋਇਆ ਹੈ ਅਤੇ ਬਾਅਦ ’ਚ ਇਹ ਕਢਵਾ ਕੇ ਵਿਦੇਸ਼ ’ਚ ਭੇਜ ਦਿੱਤਾ ਜਾਂਦਾ ਹੈ।