ਪਾਕਿਸਤਾਨ ਕਿ੍ਕਟ ਬੋਰਡ (ਪੀਸੀਬੀ) ਦੇ ਸਾਬਕਾ ਪ੍ਰਧਾਨ ਸ਼ਹਰਯਾਰ ਖਾਨ ਨੇ ਆਈਸੀਸੀ ਵਿਵਾਦ ਨਿਪਟਾਊ ਕਮੇਟੀ ਦੁਆਰਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਸੀਸੀਸੀਆਈ) ਦੇ ਵਿਰੁੱਧ ਪੀਸੀਬੀ ਦੇ ਮੁਆਵਜ਼ੇ ਸਬੰਧੀ ਦਾਅਵੇ ਨੂੰ ਖਾਰਜ ਕੀਤੇ ਜਾਣ ਬਾਅਦ ਹੋਏ ਆਰਥਿਕ ਨੁਕਸਾਨ ਦੇ ਲਈ ਬੋਰਡ ਦੇ ਉਨ੍ਹਾਂ ਤੋਂ ਬਾਅਦ ਬਣੇ ਪ੍ਰਧਾਨ ਨਜ਼ਮ ਸੇਠੀ ਨੂੰ ਜਿੰਮੇਵਾਰ ਠਹਿਰਾਇਆ ਹੈ। ਸ਼ਹਿਰਯਾਰ ਨੇ ਇੱਕ ਇੰਟਰਵਿਊ ਵਿਚ ਕਿਹਾ,‘ ਮੈਂ ਹਮੇਸ਼ਾਂ ਹੀ ਭਾਰਤੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਗੱਲਬਾਤ ਦੇ ਹੱਕ ਵਿਚ ਰਿਹਾ ਹਾਂ। ਮੈਂ ਆਈਸਸੀ ਦੇ ਉੱਚ ਅਹੁਦੇਦਾਰਾਂ ਨਾਲ ਵੀ ਹਮੇਸ਼ਾਂ ਗੱਲਬਾਤ ਨੂੰ ਤਰਜੀਹ ਦਿੱਤੀ ਹੈ। ਸੇਠੀ ਪ੍ਰਧਾਨ ਬਣਨ ਤੋਂ ਬਾਅਦ ਆਈਸੀਸੀ ਦੀ ਕਮੇਟੀ ਅੱਗੇ ਕੇਸ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਵੀ ਮਿਲ ਗਈ ਸੀ। ਉਨ੍ਹਾਂ ਕਿਹਾ ਕਿ ਬੋਰਡ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸ ਦੇ ਲਈ ਨਜ਼ਮ ਸੇਠੀ ਜਿੰਮੇਵਾਰ ਹੈ। ਨਜ਼ਮ ਸੇਠੀ ਪਿਛਲੇ ਸਾਲ ਅਗਸਤ ਵਿਚ ਪੀਸੀਬੀ ਦੇ ਪ੍ਰਧਾਨ ਬਣੇ ਸਨ। ਜ਼ਿਕਰਯੋਗ ਹੈ ਕਿ ਆਈਸੀਸੀ ਦੀ ਵਿਵਾਦ ਨਿਪਟਾਊ ਕਮੇਟੀ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਹੁਕਮ ਦਿੱਤੇ ਹਨ ਕਿ ਉਹ ਭਾਰਤੀ ਬੋਰਡ ਨੂੰ 12 ਲੱਖ ਡਾਲਰ ਦਾ ਭੁਗਤਾਨ ਕਰੇ। ਆਈਸੀਸੀ ਨੇ ਦੋਨਾਂ ਦੇਸ਼ਾਂ ਦੇ ਵਿਚਕਾਰ ਦੋਵਲੀ ਲੜੀ ਨਾ ਹੋਣ ਕਾਰਨ ਭਾਰਤੀ ਬਰਡ ਵਿਰੁੱਧ ਪੀਸੀਬੀ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ। ਸੇਠੀ ਨੇ ਆਪਣਾ ਪੱਲਾ ਝਾੜਦਿਆਂ ਟਵਿੱਟਰ ਉੱਤੇ ਆਪਣੇ ਅਕਾਊਂਟ ਵਿਚ ਲਿਖਿਆ ਹੈ ਕਿ ਗਵਰਨਰਜ਼ ਬੋਰਡ ਨੇ ਕੇਸ ਕਰਨ ਦੀ ਮਨਜੂਰੀ ਦਿੱਤੀ ਸੀ। ਸ਼ਹਰਯਾਰ ਨੇ ਕਿਹਾ ਕਿ ਸੇਠੀ ਨੇ ਉਸ ਨੂੰ ਇਸ ਗੱਲ ਲਈ ਮਨਾਇਆ ਸੀ ਕਿ ਉਹ ਕਾਨੂੰਨੀ ਖਰਚ ਦਾ ਬਜਟ ਪਾਸ ਕਰਕੇ ਇਹ ਮਾਮਲਾ ਆਈਸੀਸੀ ਦੇ ਸਾਹਮਣੇ ਰੱਖਣ।
Sports ਪਾਕਿ ਕਿ੍ਰਕਟ ਬੋਰਡ ਨੂੰ ਹਰਜਾਨੇ ਬਾਅਦ ਅਹੁਦੇਦਾਰਾਂ ’ਚ ਖੜਕੀ