ਚੇਨਈ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਉਹ ਇਹ ਨਾ ਭੁੱਲੇ ਕਿ 1971 ਵਿੱਚ ਕੀ ਹੋਇਆ ਸੀ ਤੇ ਹੁਣ ਮਕਬੂਜ਼ਾ ਵਿੱਚ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਬਾਲਾਕੋਟ ਵਿੱਚ ਅਤਿਵਾਦੀ ਕੈਂਪ ’ਤੇ ਹਮਲੇ ਦੌਰਾਨ ਬਹੁਤ ਸਾਵਧਾਨੀ ਵਰਤੀ ਸੀ ਤੇ ਪਾਕਿਸਤਾਨ ਜਾਂ ਉਸ ਦੀ ਫੌਜ ’ਤੇ ਹਮਲਾ ਨਹੀਂ ਕੀਤਾ ਸੀ ਪਰ ਜੇ ਗੁਆਂਢੀ ਮੁਲਕ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਹਾਲਾਤ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਸਥਿਤੀ ਨਾਲ ਨਿਜੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪਾਕਿਸਤਾਨ ਦੀ ਹੋਂਦ ਨੂੰ ਮਾਨਤਾ ਦੇਣ ਦਾ ਇਹ ਮਤਲਬ ਨਹੀਂ ਹੈ ਕਿ ਉਸਨੇ ਕਸ਼ਮੀਰ ਦੇ ਕੁਝ ਹਿੱਸਿਆਂ ’ਤੇ ਉਸ ਦੇ ਕਬਜ਼ੇ ਨੂੰ ਸਵੀਕਾਰ ਕਰ ਲਿਆ ਹੈ। ਜੈਪੁਰ ਨੇੜੇ ਧਨਕਿਆ ਪਿੰਡ ਵਿੱਚ ਦੀਨ ਦਿਆਲ ਉਪਾਧਿਆਏ ਨੂੰ ਸ਼ਰਧਾਂਜਲੀਆਂ ਭੇਟ ਕਰਨ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ ਪਰ ਅਗਰ ਆਗੇ ਐਸਾ ਹੀ ਚਲਤਾ ਰਹਾ ਤੋ ਕੁਝ ਨਹੀਂ ਕਹਾ ਜਾ ਸਕਤਾ। ਪਾਕਿਸਤਾਨ ਭਾਰਤ ਨੂੰ ਅਸਥਿਰ ਕਰਨ ਲਈ ਅਕਸਰ ਅਤਿਵਾਦ ਨੂੰ ਇਕ ਸਾਧਨ ਵਜੋਂ ਵਰਤਦਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਕਾਬਿਲੇਗੌਰ ਹੈ ਕਿ ਸੋਮਵਾਰ ਨੂੰ ਫੌਜ ਮੁਖੀ ਬਿਪਿਨ ਰਾਵਤ ਨੇ ਸੰਕੇਤ ਦਿੱਤਾ ਸੀ ਕਿ ਜੇ ਪਾਕਿਸਤਾਨ ਅਤਿਵਾਦੀਆਂ ਨੂੰ ਭਾਰਤ ਵਿਚ ਧੱਕਦਾ ਰਿਹਾ ਤਾਂ ਬਾਲਾਕੋਟ ਹਮਲੇ ਤੋਂ ਅੱਗੇ ਜਾ ਕੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਫੌਜ ਮੁਖੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਬਾਲਾਕੋਟ ’ਚ ਅਤਿਵਾਦੀ ਕੈਂਪ ਮੁੜ ਤੋਂ ਹਰਕਤ ’ਚ ਆ ਗਏ ਹਨ ਅਤੇ ਕਰੀਬ 500 ਘੁਸਪੈਠੀਏ ਭਾਰਤ ’ਚ ਦਾਖਲ ਹੋਣ ਦੀ ਤਾਕ ’ਚ ਹਨ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੇਨਈ ਬੰਦਰਗਾਹ ’ਤੇ ਗਸ਼ਤ ਜਹਾਜ਼ ‘ਵਰਾਹਾ’ ਨੂੰ ਕੋਸਟ ਗਾਰਡ ਦੇ ਬੇੜੇ ’ਚ ਰਸਮੀ ਤੌਰ ’ਤੇ ਸ਼ਾਮਿਲ ਕਰ ਲਿਆ।
INDIA ਪਾਕਿਸਤਾਨ ’71 ਯਾਦ ਰੱਖੇ: ਰਾਜਨਾਥ ਸਿੰਘ