ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਨਵੇਂ ਪ੍ਰਧਾਨ ਕੋਲ ਉਠਾਏਗਾ ਕਸ਼ਮੀਰ ਮੁੱਦਾ

ਇਸਲਾਮਾਬਾਦ (ਸਮਾਜ ਵੀਕਲੀ) :  ਸੰਯੁਕਤ ਰਾਸ਼ਟਰ ਆਮ ਸਭਾ ਦੇ ਨਵੇਂ ਚੁਣੇ ਗਏ ਪ੍ਰਧਾਨ ਵੋਲਹਾਨ ਬੋਜ਼ਕਿਰ ਸੋਮਵਾਰ ਨੂੰ ਇਸਲਾਮਾਬਾਦ ਦੇ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਦੀ ਆਮਦ ’ਤੇ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਕਸ਼ਮੀਰ ਮੁੱਦਾ ਉਠਾਇਆ ਜਾਵੇਗਾ।

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ ਨਾਲ ਬੈਠਕ ਦੌਰਾਨ ਉਹ ‘ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ’ ਦੇ ਹਾਲਾਤ ਅਤੇ ਇਸ ਮੁੱਦੇ ’ਤੇ ਪਾਕਿਸਤਾਨ ਦੇ ਵਿਚਾਰ ਸਾਂਝੇ ਕੀਤੇ ਜਾਣਗੇ। ਸੂਤਰਾਂ ਮੁਤਾਬਕ ਪਾਕਿਸਤਾਨ ਬੋਜ਼ਕਿਰ ਦੇ ਦੌਰੇ ਨੂੰ ਅਹਿਮ ਮੌਕਾ ਸਮਝਦਿਆਂ ਕਸ਼ਮੀਰ ਦੇ ਮੁੱਦੇ ਨੂੰ ਉਭਾਰਨ ਦਾ ਯਤਨ ਕਰੇਗਾ। ਕੁਰੈਸ਼ੀ ਨੇ ਕਿਹਾ ਕਿ ਬੈਠਕ ਦੌਰਾਨ ਉਹ ਜੰਮੂ ਕਸ਼ਮੀਰ ’ਚ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਮੁੱਦਾ ਵੀ ਉਠਾਉਣਗੇ। ਸ੍ਰੀ ਬੋਜ਼ਕਿਰ ਸਤੰਬਰ ’ਚ ਸੰਯੁਕਤ ਰਾਸ਼ਟਰ ਆਮ ਸਭਾ ਦੀ ਪ੍ਰਧਾਨਗੀ ਅਗਲੇ ਇਕ ਸਾਲ ਲਈ ਸੰਭਾਲਣਗੇ।

ਇਸ ਦੌਰਾਨ ਪਾਕਿਸਤਾਨੀ ਫ਼ੌਜ ਕੰਟਰੋਲ ਰੇਖਾ ’ਤੇ ਚਿੜੀਕੋਟ ਸੈਕਟਰ ’ਚ ਵਿਦੇਸ਼ੀ ਪੱਤਰਕਾਰਾਂ ਨੂੰ ਲੈ ਕੇ ਗਈ ਜਿਥੇ ਉਨ੍ਹਾਂ ਨੂੰ ਭਾਰਤੀ ਫ਼ੌਜ ਦੀ ਗੋਲੀਬਾਰੀ ’ਚ ਨਸ਼ਟ ਹੋਏ ਘਰਾਂ ’ਚ ਰਹਿੰਦੇ ਲੋਕਾਂ ਨਾਲ ਮਿਲਵਾਇਆ ਗਿਆ। ਕੁਰੈਸ਼ੀ ਨੇ ਵਿਦੇਸ਼ੀ ਪੱਤਰਕਾਰਾਂ ਦੇ ਦੌਰੇ ਨੂੰ ਅਹਿਮ ਕਰਾਰ ਦਿੰਦਿਆਂ ਭਾਰਤ ਨੂੰ ਚੁਣੌਤੀ ਦਿੱਤੀ ਕਿ ਉਹ ਜੰਮੂ ਕਸ਼ਮੀਰ ’ਚ ਵੀ ਉਨ੍ਹਾਂ ਨੂੰ ਲੈ ਕੇ ਜਾਵੇ।

Previous articleਪਾਕਿ ਫ਼ੌਜ ਵੱਲੋਂ ਪੁਣਛ ’ਚ ਗੋਲੀਬਾਰੀ
Next articleਗਹਿਲੋਤ ਸਰਕਾਰ ਨੇ ਰਾਜਪਾਲ ਨੂੰ ਨਵੀਂ ਤਜਵੀਜ਼ ਭੇਜੀ