ਕਰਾਚੀ (ਸਮਾਜਵੀਕਲੀ) : ਚਾਰ ਹਥਿਅਾਰਬੰਦ ਦਹਿਸ਼ਤਗਰਦਾਂ ਨੇ ਅੱਜ ਸਵੇਰੇ ਭੀੜ ਭੜੱਕੇ ਵਾਲੀ ਪਾਕਿਸਤਾਨ ਸਟਾਕ ਐਕਸਚੇਂਜ ਦੀ ਇਮਾਰਤ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਹੱਥਗੋਲੇ ਸੁੱਟੇ। ਹਮਲੇ ਵਿੱਚ ਚਾਰ ਸੁਰੱਖਿਆ ਗਾਰਡ, ਇਕ ਪੁਲੀਸ ਅਧਿਕਾਰੀ ਤੇ ਦੋ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ। ਸਲਾਮਤੀ ਦਸਤਿਆਂ ਨੇ ਮਗਰੋਂ ਦੁਵੱਲੀ ਗੋਲੀਬਾਰੀ ਦੌਰਾਨ ਚਾਰੇ ਹਮਲਾਵਰਾਂ ਨੂੰ ਮਾਰ ਮੁਕਾਇਆ।
ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨਾਲ ਜੁੜੀ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਿਛਲੇ ਸਾਲ ਗਵਾਦੜ ਵਿੱਚ ਪਰਲ ਕੌਂਟੀਨੈਂਟਲ ਹੋਟਲ ’ਤੇ ਹੋਏ ਹਮਲੇ ਪਿੱਛੇ ਵੀ ਇਸੇ ਜਥੇਬੰਦੀ ਦਾ ਹੱਥ ਸੀ। ਰਾਸ਼ਟਰਪਤੀ ਅਾਰਿਫ਼ ਅਲਵੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਆਪਣੀ ਸਰਜ਼ਮੀਨ ਤੋਂ ਅਤਿਵਾਦ ਦੀਆਂ ਜੜ੍ਹਾਂ ਪੁੱਟਣ ਲਈ ਦਿੜ੍ਹ ਸੰਕਲਪ ਹੈ।
ਜਾਣਕਾਰੀ ਅਨੁਸਾਰ ਕਾਰ ਵਿੱਚ ਆਏ ਦਹਿਸ਼ਤਗਰਦਾਂ ਨੇ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਕਮਰਸ਼ੀਅਲ ਹੱਬ ਅਖਵਾਉਂਦੇ ਇਲਾਕੇ ਵਿੱਚ ਸ਼ੇਅਰ ਬਾਜ਼ਾਰ ਦੀ ਬਹੁ-ਮੰਜ਼ਿਲਾ ਇਮਾਰਤ ਦੇ ਮੁੱਖ ਗੇਟ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਹੱਥਗੋਲੇ ਸੁੱਟੇ। ਡੀਐੱਸਪੀ (ਦੱਖਣੀ) ਜਮੀਲ ਅਹਿਮਦ ਨੇ ਕਿਹਾ ਕਿ ਹਥਿਆਰਬੰਦ ਦਹਿਸ਼ਤਗਰਦ ਸਵੈ-ਚਾਲਿਤ ਮਸ਼ੀਨ ਗੰਨਾਂ, ਹੱਥਗੋਲਿਆਂ ਤੇ ਧਮਾਕਾਖੇਜ਼ ਸਮੱਗਰੀ ਨਾਲ ਲੈਸ ਸਨ।
ਉਨ੍ਹਾਂ ਇਕ ਪਾਰਕਿੰਗ ਖੇਤਰ ਰਾਹੀਂ ਪਾਕਿਸਤਾਨ ਸਟਾਕ ਐਕਸਚੇਂਜ ਦੀ ਇਮਾਰਤ ਮੂਹਰਲੇ ਵਿਹੜੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ, ‘ਉਨ੍ਹਾਂ ਅਹਾਤੇ ਵਿੱਚ ਦਾਖ਼ਲ ਹੁੰਦਿਆਂ ਹੀ ਹੱਥਗੋਲੇ ਸੁੱਟੇ ਤੇ ਗੋਲੀਆਂ ਚਲਾਈਆਂ, ਪਰ ਇਨ੍ਹਾਂ ਵਿਚੋਂ ਇਕ ਦਹਿਸ਼ਤਗਰਦ ਫੌਰੀ ਮਾਰਿਆ ਗਿਆ, ਜਿਸ ਕਰਕੇ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।’
ਮੌਕੇ ’ਤੇ ਪੁੱਜੀ ਪੁਲੀਸ ਤੇ ਸਿੰਧ ਰੇਂਜਰਜ਼ ਦੀ ਟੀਮ ਨੇ ਚਾਰੋਂ ਦਹਿਸ਼ਤਗਰਦਾਂ ਨੂੰ ਦਾਖ਼ਲਾ ਗੇਟਾਂ ਨੇੜੇ ਮਾਰ ਮੁਕਾਇਅਾ। ਪੁਲੀਸ ਨੇ ਕਿਹਾ ਕਿ ਹਮਲੇ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਚਾਰ ਸੁਰੱਖਿਆ ਕਰਮੀ ਤੇ ਪੁਲੀਸ ਦਾ ਸਬ-ਇੰਸਪੈਕਟਰ ਮਾਰਿਆ ਗਿਆ। ਹਮਲੇ ਵਿੱਚ ਦੋ ਆਮ ਨਾਗਰਿਕਾਂ ਦੀ ਜਾਨ ਵੀ ਜਾਂਦੀ ਰਹੀ।
ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੇ ਕੱਪੜਿਆਂ ਦੀ ਜਾਮਾ ਤਲਾਸ਼ੀ ਦੌਰਾਨ ਧਮਾਕਾਖੇਜ਼ ਸਮੱਗਰੀ, ਹੱਥਗੋਲੇ ਤੇ ਖਾਣ ਪੀਣ ਦਾ ਸਾਮਾਨ ਮਿਲਿਆ ਹੈ, ਜਿਸ ਤੋਂ ਲਗਦਾ ਹੈ ਕਿ ਹਮਲਾਵਰ ਸ਼ੇਅਰ ਬਾਜ਼ਾਰ ਦੀ ਇਮਾਰਤ ਨੂੰ ਅਾਪਣੇ ਕਬਜ਼ੇ ’ਚ ਲੈਣ ਦੇ ਇਰਾਦੇ ਨਾਲ ਅਾਏ ਸਨ। ਅਤਿਵਾਦ ਵਿਰੋਧੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹਮਲਾਵਰਾਂ ’ਚੋਂ ਇਕ ਦਹਿਸ਼ਤਗਰਦ ਦੀ ਪਛਾਣ ਸਲਮਾਨ ਵਜੋਂ ਹੋਈ ਹੈ, ਜੋ ਬਲੋਚਿਸਤਾਨ ਨਾਲ ਸਬੰਧਤ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਮੌਕੇ ਦਹਿਸ਼ਤਗਰਦਾਂ ਨੇ ਪੁਲੀਸ ਅਧਿਕਾਰੀਆਂ ਦੀ ਵਰਦੀ ਪਾਈ ਹੋਈ ਸੀ।