ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਪੀਐੱਮਐੱਲ (ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਅੱਜ ਲਾਹੌਰ ਹਾਈ ਕੋਰਟ ਵੱਲੋਂ 7 ਅਰਬ ਰੁਪਏ ਦਾ ਕਾਲਾ ਧਨ ਸਫ਼ੈਦ ਕਰਨ ਦੇ ਕੇਸ ’ਚ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੂੰ ਅਦਾਲਤ ਵਿੱਚੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਜਿੱਥੇ ਸੁਣਵਾਈ ਮੌਕੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ। ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਉਸ ਨੂੰ ਲਾਹੌਰ ਨਜ਼ਰਬੰਦੀ ਕੇਂਦਰ ’ਚ ਲੈ ਗਈ ਅਤੇ ਰਿਮਾਂਡ ਲਈ ਉਸਨੂੰ ਜਵਾਬਦੇਹੀ ਅਦਾਲਤ ਅੱਗੇ ਪੇਸ਼ ਕਰੇਗੀ।
ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਪਿਛਲੇ ਹਫ਼ਤੇ ਸ਼ਾਹਬਾਜ਼ ਸ਼ਰੀਫ (69) ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਲਾ ਸਫ਼ੈਦ ਕਰਨ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਸ਼ਾਹਬਾਜ਼ 2008 ਤੋਂ 2018 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।