ਕਰਾਚੀ (ਸਮਾਜ ਵੀਕਲੀ) :ਪਾਕਿਸਤਾਨ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ ਸੁਰੱਖਿਆ ਸਬੰਧੀ ਖ਼ਤਰਿਆਂ ਦੇ ਬਾਵਜੂਦ ਦੱਖਣ-ਪੱਛਮੀ ਬਲੋਚਿਸਤਾਨ ਖੇਤਰ ਦੀ ਰਾਜਧਾਨੀ ਕੋਇਟਾ ਵਿਚ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਾਹਰ ਕੱਢਣ ਦੀ ਕੌਮੀ ਮੁਹਿੰਮ ਤਹਿਤ ਤੀਜੀ ਵਿਸ਼ਾਲ ਰੈਲੀ ਕੱਢੀ।
11 ਵਿਰੋਧੀ ਪਾਰਟੀਆਂ ਨੂੰ ਮਿਲਾ ਕੇ 20 ਸਤੰਬਰ ਨੂੰ ਹੋਂਦ ਵਿਚ ਆਈ ‘ਦਿ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ’ (ਪੀਡੀਐੱਮ) ਇਸੇ ਮਹੀਨੇ ਗੁਜਰਾਂਵਾਲਾ ਅਤੇ ਕਰਾਚੀ ਵਿਚ ਦੋ ਰੈਲੀਆਂ ਕਰ ਚੁੱਕੀ ਹੈ। ਕੋਇਟਾ ਦੇ ਅਯੂਬ ਸਟੇਡੀਅਮ ਵਿਚ ਹੋਈ ਜਨਤਕ ਮੀਟਿੰਗ ਦੌਰਾਨ ਸ਼ਹਿਰ ਵਿਚ ਧਮਾਕਾ ਹੋ ਗਿਆ।
ਇਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰੈਲੀ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸਥਿਤ ਹਾਜ਼ਰਗੰਜੀ ਖੇਤਰ ’ਚ ਸੱਤ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਮੋਟਰਸਾਈਕਲ ’ਤੇ ਧਮਾਕਾਖ਼ੇਜ਼ ਸਮੱਗਰੀ ਲਾਈ ਗਈ ਸੀ, ਜਿਸ ਕਾਰਨ ਧਮਾਕਾ ਹੋਇਆ। ਧਮਾਕੇ ਦੇ ਬਾਵਜੂਦ ਪੀਡੀਐੱਮ ਆਗੂ ਰੈਲੀ ਨਾਲ ਅੱਗੇ ਵਧੇ, ਜਿਸ ਵਿਚ ਪਾਰਟੀ ਆਗੂ ਮੌਲਾਨਾ ਫਜ਼ਲੁਰ ਰਹਿਮਾਨ ਅਤੇ ਹੋਰ ਮੁੱਖ ਆਗੂ ਸ਼ਾਮਲ ਹੋਏ। ਲੰਡਨ ਤੋਂ ਵੀਡੀਓ ਕਾਨਫੰਰਸ ਰਾਹੀਂ ਪੀਐੱਮਐੱਲ-ਐੱਨ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਬੋਧਨ ਕੀਤਾ ਅਤੇ ਮੁਲਕ ਦੇ ਮੌਜੂਦਾ ਹਾਲਾਤ ਲਈ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੇ ਆਈਐੱਸਆਈ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਜ਼ਿੰਮੇਵਾਰ ਦੱਸਿਆ।
ਨਵਾਜ਼ ਸ਼ਰੀਫ਼ ਨੇ ਕਿਹਾ, ‘‘ਜਨਰਲ ਬਾਜਵਾ, 2018 ਦੀਆਂ ਚੋਣਾਂ ’ਚ ਹੋਈ ਰਿਕਾਰਡ ਧਾਂਦਲੀ, ਲੋਕਾਂ ਦੀ ਇੱਛਾ ਦੇ ਵਿਰੁੱਧ ਇਮਰਾਨ ਨਿਆਜ਼ੀ ਨੂੰ ਪ੍ਰਧਾਨ ਮੰਤਰੀ ਬਣਾਊਣ ਅਤੇ ਲੋਕਾਂ ਨੂੰ ਗ਼ਰੀਬੀ ਅਤੇ ਭੁੱਖਮਰੀ ਵੱਲ ਧੱਕਣ ਸਬੰਧੀ ਤੁਹਾਨੂੰ ਜਵਾਬ ਦੇਣਾ ਪਵੇਗਾ।’’ ਸ਼ਰੀਫ਼ ਨੇ ਆਈਐੱਸਆਈ ਮੁਖੀ ’ਤੇ ਕਈ ਸਾਲਾਂ ਤਕ ਸਿਆਸਤ ਵਿਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼ ਲਾਇਆ ਹੈ।