ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੋਨਿਲਾ ਗਿੱਲ ਨਾਮਕ ਈਸਾਈ ਔਰਤ ਪੱਤਰਕਾਰ ਨੂੰ ਸਿਰਫ਼ ਇਸ ਕਾਰਨ ਨੌਕਰੀ ਛੱਡਣੀ ਪਈ ਕਿਉਂਕਿ ਉਸ ਨੇ ਇਕ ਮੁਸਲਿਮ ਨਾਲ ਨਿਕਾਹ ਕੀਤਾ ਅਤੇ ਇਸਲਾਮ ਧਰਮ ਨਹੀਂ ਅਪਣਾਇਆ। ਇਸ ਕਾਰਨ ਉਹ ਆਪਣੇ ਸਹਿਯੋਗੀਆਂ ਦੇ ਨਿਸ਼ਾਨੇ ‘ਤੇ ਸੀ। ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਨੌਕਰੀ ਛੱਡ ਦਿੱਤੀ।
ਹੁਸਨੈਨ ਜਮੀਲ ਨਾਲ ਨਿਕਾਹ ਕਰਨ ਵਾਲੀ 38 ਸਾਲਾ ਗਿੱਲ ਦੁਨੀਆ ਨਿਊਜ਼ ਵਿਚ ਕੰਮ ਕਰਦੀ ਸੀ। ਕੰਮ ਵਾਲੀ ਥਾਂ ‘ਤੇ ਉਸ ਨੂੰ ਆਪਣੇ ਧਰਮ ਅਤੇ ਇਸਲਾਮ ਨਾ ਅਪਣਾਉਣ ਨੂੰ ਲੈ ਕੇ ਅਪਮਾਨਿਤ ਕੀਤਾ ਜਾਂਦਾ ਸੀ। ਉਹ ਲਾਹੌਰ ਪ੍ਰਰੈੱਸ ਕਲੱਬ ਵਿਚ ਇਕਲੌਤੀ ਰਜਿਸਟਰਡ ਈਸਾਈ ਪੱਤਰਕਾਰ ਹੈ। ਉਸ ਦੇ ਪਤੀ ਨੇ ਕਿਹਾ ਕਿ ਗੋਨਿਲਾ ਦਾ ਕਹਿਣਾ ਹੈ ਕਿ ਮੇਰੀ ਆਸਥਾ ਦੇ ਬਾਰੇ ਵਿਚ ਫਾਲਤੂ ਗੱਲਾਂ ਕਰਦੇ ਹਨ ਪ੍ਰੰਤੂ ਮੈਂ ਉਮੀਦ ਨਹੀਂ ਛੱਡਾਂਗੀ ਅਤੇ ਆਪਣੇ ਧਰਮ ਦੇ ਨਾਲ ਖੜ੍ਹੀ ਰਹਾਂਗੀ।
ਘੱਟ ਗਿਣਤੀਆਂ ਦੀ ਹਾਲਤ ਚੰਗੀ ਨਹੀਂ
ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ, ਸਿੱਖ, ਅਹਿਮਦੀਆ, ਈਸਾਈ ਅਤੇ ਸ਼ੀਆ ਵਰਗੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਹਾਲਤ ਚੰਗੀ ਨਹੀਂ ਹੈ। ਉਨ੍ਹਾਂ ਨੂੰ ਨਾ ਸਿਰਫ਼ ਕੱਟੜਪੰਥੀ ਲੋਕਾਂ ਸਗੋਂ ਪ੍ਰਸ਼ਾਸਨ ਦੇ ਹੱਥੋਂ ਵੀ ਭੇਦਭਾਵ ਅਤੇ ਅਨਿਆਂ ਨਾਲ ਜੂਝਨਾ ਪੈਂਦਾ ਹੈ। ਦੇਸ਼ ਵਿਚ ਹਾਲ ਹੀ ਦੀ ਸਮੇਂ ਵਿਚ ਘੱਟ ਗਿਣਤੀਆਂ ਦੇ ਜਬਰਨ ਧਰਮ ਪਰਿਵਰਤਨ, ਹੱਤਿਆ ਅਤੇ ਅਗਵਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਦੀ ਖ਼ੂਬ ਆਲੋਚਨਾ ਹੋਈ ਹੈ।