ਪਾਕਿਸਤਾਨ ਨੇ ਮੰਗਲਵਾਰ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਤੇ ਪੁੱਤਰ ਵੀ ਸ਼ਾਮਲ ਹਨ। ਗ੍ਰਹਿ ਮੰਤਰੀ ਸ਼ਹਰਯਾਰ ਖ਼ਾਨ ਅਫ਼ਰੀਦੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਫੜੋਫੜੀ ਤਹਿਤ ਅਜ਼ਹਰ ਦਾ ਭਰਾ ਮੁਫ਼ਤੀ ਅਬਦੁਰ ਰਊਫ ਅਤੇ ਪੁੱਤਰ ਹਮਾਦ ਅਜ਼ਹਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਭਾਰਤ ਵਲੋਂ ਮੁਹੱਈਆ ਕਰਵਾਈ ਗਈ ਮਿਸਲ ਵਿਚ ਮੁਫ਼ਤੀ ਅਬਦੁਰ ਅਤੇ ਹਮਾਦ ਅਜ਼ਹਰ ਦੇ ਨਾਂ ਸ਼ਾਮਲ ਸਨ। ਉਂਜ, ਉਨ੍ਹਾਂ ਆਖਿਆ ਕਿ ਇਹ ਕਾਰਵਾਈ ਕਿਸੇ ਦਬਾਅ ਹੇਠ ਨਹੀਂ ਕੀਤੀ ਜਾ ਰਹੀ। ਪਾਕਿਸਤਾਨ ਆਪਣੀ ਸਰਜ਼ਮੀਨ ਕਿਸੇ ਮੁਲਕ ਦੇ ਖਿਲਾਫ਼ ਵਰਤਣ ਦੀ ਖੁੱਲ੍ਹ ਨਹੀਂ ਦੇਵੇਗਾ। ਉਨ੍ਹਾਂ ਆਖਿਆ ਕਿ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਖਿਲਾਫ਼ ਦੋ ਹਫ਼ਤੇ ਕਾਰਵਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਨੇ ਵੱਖ ਵੱਖ ਵਿਅਕਤੀਆਂ ਅਤੇ ਜਥੇਬੰਦੀਆਂ ਖਿਲਾਫ਼ ਲਗਾਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਅਮਲ ਵਿਚ ਲਿਆਉਣ ਲਈ ਇਕ ਕਾਨੂੰਨੀ ਫ਼ਰਮਾਨ ਜਾਰੀ ਕੀਤਾ ਸੀ। ਇਸ ਦੀ ਵਜਾਹਤ ਕਰਦਿਆਂ ਵਿਦੇਸ਼ ਵਿਭਾਗ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਆਖਿਆ ਕਿ ਸਰਕਾਰ ਨੇ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਅਸਾਸੇ ਅਤੇ ਸੰਪਤੀਆਂ ਆਪਣੇ ਕਬਜ਼ੇ ਹੇਠ ਲੈ ਲਈਆਂ ਹਨ।
HOME ਪਾਕਿਸਤਾਨ ਵਲੋਂ ਮਸੂਦ ਦੇ ਭਰਾ ਤੇ ਪੁੱਤਰ ਸਣੇ 44 ਗ੍ਰਿਫ਼ਤਾਰ