ਇਸਲਾਮਾਬਾਦ (ਸਮਾਜਵੀਕਲੀ) : ਕੋਵਿਡ-19 ਕਾਰਨ ਕਰੀਬ ਤਿੰਨ ਮਹੀਨੇ ਪਹਿਲਾਂ ਆਰਜ਼ੀ ਤੌਰ ’ਤੇ ਬੰਦ ਕੀਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਕਿਸਤਾਨ ਸੋਮਵਾਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਮੁੜ ਖੋਲ੍ਹਣ ਲਈ ਤਿਆਰ ਹੈ। ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਪਾਕਿਸਤਾਨ ਨੇ ਗੁਆਂਢੀ ਮੁਲਕ ਭਾਰਤ ਨੂੰ ਲਾਂਘਾ ਖੋਲ੍ਹਣ ਸਬੰਧੀ ਆਪਣੀ ਤਿਆਰੀ ਬਾਰੇ ਦੱਸ ਦਿੱਤਾ ਹੈ।
ਕਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਨੇ 16 ਮਾਰਚ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਅਤੇ ਰਜਿਸਟ੍ਰੇਸ਼ਨ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤੀ ਸੀ। ਵਿਦੇਸ਼ ਦਫ਼ਤਰ ਨੇ ਦੱਸਿਆ, ‘‘ਵਿਸ਼ਵ ਭਰ ਵਿੱਚ ਧਾਰਮਿਕ ਅਸਥਾਨ ਹੌਲ-ਹੌਲੀ ਖੁੱਲ੍ਹ ਰਹੇ ਹਨ, ਪਾਕਿਸਤਾਨ ਨੇ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ।’’
ਊਨ੍ਹਾਂ ਕਿਹਾ ਕਿ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਊਣ ਲਈ ਪਾਕਿਸਤਾਨ ਨੇ ਭਾਰਤ ਨੂੰ ਲਾਂਘਾ ਖੋਲ੍ਹਣ ਲਈ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰਨ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਦੋਵਾਂ ਮੁਲਕਾਂ ਵਲੋਂ ਖੋਲ੍ਹਿਆ ਗਿਆ ਇਹ ਲਾਂਘਾ ਭਾਰਤ ਦੇ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਅਤੇ ਪਾਕਿਤਸਾਨ ਵਿਚਾਲੇ ਕਰਤਾਰਪੁਰ ਸਾਹਿਬ ਨੂੰ ਜੋੜਦਾ ਹੈ। ਸਾਰੇ ਧਰਮਾਂ ਦੇ ਭਾਰਤੀ ਸ਼ਰਧਾਲੂਆਂ ਲਈ ਇਤਹਾਸਿਕ ਗੁਰਦੁਆਰੇ ਤੱਕ ਜਾਂਦਾ ਇਹ ਲਾਂਘਾ ਪੂਰਾ ਸਾਲ ਬਿਨਾਂ ਵੀਜ਼ਾ ਯਾਤਰਾ ਲਈ ਖੁੱਲ੍ਹਾ ਰਹਿੰਦਾ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ 5 ਅਗਸਤ, 2019 ਨੂੰ ਭਾਰਤ ਵਲੋਂ ਜੰਮੂ ਕਸ਼ਮੀਰ ’ਚੋਂ ਧਾਰਾ 307 ਮਨਸੂਖ ਕੀਤੇ ਜਾਣ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਮਗਰੋਂ ਨਿਵਾਣ ਵੱਲ ਚਲੇ ਗਏ ਸਨ। ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਸਬੰਧ ਘਟਾਉਂਦਿਆਂ ਭਾਰਤੀ ਹਾਈ ਕਮਿਸ਼ਨਰ ਨੂੰ ਕੱਢ ਦਿੱਤਾ ਸੀ। ਦੂਜੇ ਪਾਸੇ, ਭਾਰਤ ਨੇ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ਾਂ ਦੌਰਾਨ ਪਾਕਿਸਤਾਨ ਨੂੰ ਨਵੀਂ ਦਿੱਲੀ ਵਿਚਲੇ ਆਪਣੇ ਅੰਬੈਸੀ ਸਟਾਫ ਨੂੰ ਅੱਧਾ ਕਰਨ ਲਈ ਆਖਦਿਆਂ ਕਿਹਾ ਸੀ ਕਿ ਊਹ ਇਸਲਾਮਾਬਾਦ ਵਿਚ ਆਪਣਾ ਅੰਬੈਸੀ ਸਟਾਫ ਵੀ ਘੱਟ ਕਰੇਗਾ।