ਇਸਲਾਮਾਬਾਦ (ਸਮਾਜ ਵੀਕਲੀ) : ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਵਿੱਚ ਅੱਜ ਹੋਏ ਇੱਕ ਬੰਬ ਧਮਾਕੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਧਮਾਕਾ ਸੂਬਾ ਬਲੋਚਿਸਤਾਨ ਦੇ ਚਮਨ ਕਸਬੇ ਦੀ ਹਾਜੀ ਨਿਦਾ ਮਾਰਕੀਟ ਵਿੱਚ ਹੋਇਆ।
‘ਡਾਅਨ’ ਅਖ਼ਬਾਰ ਮੁਤਾਬਕ ਸਹਾਇਕ ਕਮਿਸ਼ਨਰ ਜ਼ਕਾਉਲ੍ਹਾ ਦੁਰਾਨੀ ਨੇ ਦੱਸਿਆ ਕਿ ਧਮਾਕੇ ਵਿੱਚ 5 ਜਣਿਆਂ ਦੀ ਮੌਤ ਹੋ ਗਈ ਜਦਕਿ 20 ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਇੰਸਪੈਕਟਰ ਮੁਹੰਮਦ ਮੋਹਸਿਨ ਨੇ ਦੱਸਿਆ ਕਿ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਧਮਾਕਾਖੇਜ਼ ਪਦਾਰਥ ਸੜਕ ਕਿਨਾਰੇ ਖੜ੍ਹੇ ਇੱਕ ਮੋਟਰਸਾਈਕਲ ’ਚ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਦਫ਼ਤਰ ਦੇ ਟਵਿੱਟਰ ਖ਼ਾਤੇ ’ਤੇ ਟਵੀਟ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੀ ਨਿਖੇਧੀ ਕਰਦਿਆਂ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਹੈ। ਕਿਸੇ ਵੀ ਗੁੱਟ ਵੱਲੋਂ ਅਜੇ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ।