ਪਾਕਿਸਤਾਨ ਨੇ ਹੁਣ ਵਾਹਗਾ ਰਸਤੇ ਭਾਰਤ ਤੋਂ ਜਾਂਦੀਆਂ ਸਾਹਿਤਕ ਕਿਤਾਬਾਂ ‘ਤੇ ਪਾਬੰਦੀ ਲਾਈ

ਅੰਮਿ੍ਤਸਰ : ਕਸ਼ਮੀਰ ਮੁੱਦੇ ‘ਤੇ ਦੁਨੀਆ ਭਰ ‘ਚ ਮੂੰਹ ਦੀ ਖਾ ਰਹੇ ਪਾਕਿਸਤਾਨ ਨੇ ਹੁਣ ਭਾਰਤ ਤੋਂ ਸਾਹਿਤਕ ਸਾਂਝ ਖ਼ਤਮ ਕਰਨ ਦਾ ਘਟੀਆ ਕਦਮ ਉਠਾਇਆ ਹੈ। ਪਾਕਿ ਨੇ ਕਸਟਮ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਵਾਹਗਾ ਸਰਹੱਦ ਰਸਤੇ ਭਾਰਤ ਤੋਂ ਕਿਤਾਬਾਂ ਦਾ ਲੈਣ-ਦੇਣ ਬੰਦ ਕੀਤਾ ਜਾਵੇ। ਪਾਕਿਸਤਾਨ ਦਾ ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ‘ਚ ਲੱਗਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਸਾਹਿਤਕਾਰਾਂ ‘ਚ ਭਾਰੀ ਰੋਸ ਹੈ।
ਪਾਕਿਸਤਾਨ ਤੇ ਭਾਰਤ ਦਰਮਿਆਨ ਕਿਤਾਬਾਂ ਦਾ ਲੈਣ-ਦੇਣ 1992 ‘ਚ ਸ਼ੁਰੂ ਹੋਇਆ ਸੀ। ਇਨ੍ਹਾਂ ‘ਚ ਸੋਹੇਲ ਮੈਗਜ਼ੀਨ ਸਮੇਤ ਮਾਂ ਬੋਲੀ, ਪੰਜ ਦਰਿਆ, ਸਾਂਝ ਆਦਿ ਜ਼ਿਕਰਯੋਗ ਹਨ। ਇਸੇ ਤਰ੍ਹਾਂ ਭਾਰਤ ਤੋਂ ਚਿਰਾਗ਼, ਸ਼ਬਦ, ਹੁਣ ਤੇ ਪ੍ਰਵਚਨ ਵਰਗੀਆਂ ਰਸਾਲੇ ਪਾਕਿਸਤਾਨ ਭੇਜੇ ਜਾਂਦੇ ਹਨ। ਇਹ ਰਸਾਲੇ ਗੁਰਮੁਖੀ ਲਿਪੀ ‘ਚ ਛਾਪੇ ਜਾਂਦੇ ਹਨ। ਭਾਰਤ ‘ਚ ਪਾਕਿਸਤਾਨ ਤੋਂ ਆਉਣ ਵਾਲੀਆਂ ਕਿਤਾਬਾਂ ਭੇਜੀਆਂ ਜਾਂਦੀਆਂ ਹਨ। ਇਹ ਕਿਤਾਬਾਂ ਗੁਰਮੁਖੀ ਲਿਪੀ ‘ਚ ਲਿਖੀਆਂ ਜਾਂਦੀਆਂ ਹਨ। ਭਾਰਤ ‘ਚ ਪਾਕਿਸਤਾਨ ਤੋਂ ਆਉਣ ਵਾਲੀਆਂ ਕਿਤਾਬਾਂ ਨੂੰ ਗੁਰਮੁਖੀ ‘ਚ ਅਨੁਵਾਦ ਕੀਤਾ ਜਾਂਦਾ ਹੈ, ਜਦਕਿ ਪਾਕਿਸਤਾਨ ‘ਚ ਭਾਰਤੀ ਕਿਤਾਬਾਂ ਦਾ ਸ਼ਾਹਮੁਖੀ ‘ਚ ਅਨੁਵਾਦ ਹੁੰਦਾ ਹੈ।
ਪਿਛਲੇ ਦਿਨੀਂ ਪਾਕਿਸਤਾਨੀ ਸਾਹਿਤਕਾਰ ਇਹਸਾਨ ਐੱਚ ਨਦੀਮ ਨੇ ਭਾਰਤੀ ਪਾਠਕਾਂ ਲਈ 70 ਕਿਤਾਬਾਂ ਭੇਜਣੀਆਂ ਚਾਹੀਆਂ, ਪਰ ਪਾਕਿ ਦੇ ਡਾਕ ਵਿਭਾਗ ਨੇ ਇਹ ਕਾਪੀਆਂ ਵਾਪਸ ਭੇਜ ਦਿੱਤੀਆਂ। ਕਾਰਨ ਇਹ ਦੱਸਿਆ ਕਿ ਸਰਕਾਰ ਨੇ ਕਸਟਮ ਵਿਭਾਗ ਨੂੰ 22 ਅਗਸਤ ਨੂੰ ਨਿਰਦੇਸ਼ ਦਿੱਤਾ ਹੈ ਕਿ ਵਾਹਗਾ ਸਰਹੱਦ ਤੋਂ ਕਿਤਾਬਾਂ ਦਾ ਲੈਣ-ਦੇਣ ਬੰਦ ਕੀਤਾ ਜਾਵੇ। ਪਾਕਿਸਤਾਨ ਨੇ ਇਸ ਸਬੰਧੀ ਆਪਣੇ ਸਾਹਿਤਕਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪਾਕਿਸਤਾਨ ਤੋਂ ਆਉਣ ਵਾਲੀਆਂ ਜ਼ਿਆਦਾਤਰ ਕਿਤਾਬਾਂ ਉਂਜ ਤਾਂ ਪੰਜਾਬ ਸਮੇਤ ਦੇਸ਼ ਦੇ ਕਈ ਸੂੁਬਿਆਂ ‘ਚ ਜਾਂਦੀਆਂ ਸਨ, ਪਰ ਜ਼ਿਆਦਾ ਕਿਤਾਬਾਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਅਤੇ ਕਾਦੀਆਂ (ਗੁਰਦਾਸਪੁਰ) ‘ਚ ਜਾਂਦੀਆਂ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਹਰ ਸਾਲ 14 ਅਗਸਤ ਨੂੰ ਦੋਵਾਂ ਮੁਲਕਾਂ ਦੇ ਸਾਹਿਤਕਾਰ ਅਟਾਰੀ-ਵਾਹਗਾ ਸਰਹੱਦ ‘ਤੇ ਸ਼ਾਂਤੀ ਦੀ ਸ਼ਮ੍ਹਾਂ ਰੋਸ਼ਨ ਕਰ ਕੇ ਸਾਹਿਤਕ ਕਿਤਾਬਾਂ ਦਾ ਲੈਣ-ਦੇਣ ਕਰਦੇ ਰਹੇ ਹਨ।
ਸਾਹਿਤਕਾਰ ਦੀਪ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ ਭਾਰਤ-ਪਾਕਿਸਤਾਨ ਦਰਮਿਆਨ ਸ਼ੁਰੂ ਹੋਇਆ ਕਿਤਾਬਾਂ ਦਾ ਲੈਣ-ਦੇਣ ਬੰਦ ਹੋਣ ਨਾਲ ਡੂੰਘਾ ਝਟਕਾ ਲੱਗਾ ਹੈ। ਮੈਨੂੰ ਯਾਦ ਹੈ ਕਿ 1992 ‘ਚ ਪੰਜਾਬ ‘ਚ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਚੇਤਨਾ ਮਾਰਚ ਕੱਢਿਆ ਸੀ। ਅਟਾਰੀ ਸਰਹੱਦ ‘ਤੇ ਇਸ ਮਾਰਚ ਦੀ ਸਮਾਪਤੀ ਹੋਈ। ਪਾਕਿਸਤਾਨ ਦੇ ਲੇਖਕ ਉਸ ਪਾਸੇ ਆਏ ਸਨ। ਉਦੋਂ ਦੋਵਾਂ ਮੁਲਕਾਂ ਦੇ ਸਾਹਿਤਕਾਰਾਂ ਦਰਮਿਆਨ ਇਹ ਮੌਖਿਕ ਸਮਝੌਤਾ ਹੋਇਆ ਸੀ ਕਿ ਅਸੀਂ ਆਪਣਾ ਸਾਹਿਤ ਤੁਹਾਨੂੰ ਦਿਆਂਗੇ ਅਤੇ ਤੁਸੀਂ ਸਾਨੂੰ।
ਹੁਣ ਸਵਾਲ ਇਹ ਸੀ ਕਿ ਪਾਕਿਸਤਾਨੀ ਪੰਜਾਬੀ ਸਾਹਿਤ ਜਿਹੜਾ ਸ਼ਾਹਮੁਖੀ ‘ਚ ਹੈ, ਉਸ ਨੂੰ ਭਾਰਤ ਦੇ ਸਾਹਿਤਕਾਰ ਕਿਵੇਂ ਪੜ੍ਹਨ। ਇਸ ਸਮੱਸਿਆ ਦਾ ਹੱਲ ਉਸ ਸਮੇਂ ਮਸ਼ਹੂਰ ਸਾਹਿਤਕਾਰ ਡਾ. ਜਗਤਾਰ, ਡਾ. ਜਤਿੰਦਰਪਾਲ ਸਿੰਘ ਜੌਲੀ ਅਤੇ ਪਲਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਕਿਤਾਬਾਂ ਦਾ ਗੁਰਮੁਖੀ ‘ਚ ਅਨੁਵਾਦ ਕੀਤਾ। ਪੰਜਾਬੀ ਭਾਸ਼ਾ ਸਿੱਖਣ ‘ਚ ਵਰਤੇ ਜਾਣ ਵਾਲਾ ਕਾਇਦਾ ਵੀ ਗੁਰਮੁਖੀ ਤੋਂ ਸ਼ਾਹਮੁਖੀ ‘ਚ ਅਨੁਵਾਦ ਕੀਤਾ ਗਿਆ।

ਸਾਹਿਤ ਹਵਾ ਵਾਂਗ ਹੈ, ਇਸ ਨੂੰ ਰੋਕਣਾ ਮੁਮਕਿਨ ਨਹੀਂ: ਦੀਪ ਦਵਿੰਦਰ
ਦੀਪ ਦਵਿੰਦਰ ਕਹਿੰਦੇ ਹਨ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਨੇ ਸਾਹਿਤ ਦੇ ਸਫ਼ਰ ‘ਤੇ ਰੋਕ ਲਾ ਦਿੱਤੀ ਹੈ। ਸਾਹਿਤ ਹਵਾ ਵਾਂਗ ਹੈ, ਇਸ ਨੂੰ ਰੋਕ ਸਕਣਾ ਮੁਮਕਿਨ ਵੀ ਨਹੀਂ ਹੋਵੇਗਾ। ਪਾਕਿਸਤਾਨ ਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਭਾਰਤ ‘ਚ ਜਿੰਨੇ ਵੀ ਹਮਲਾਵਰ ਆਏ, ਉਹ ਆਪਣੇ ਨਾਲ ਆਪਣਾ ਸਹਿਤ ਲੈ ਕੇ ਆਏ ਸਨ। ਗੁਆਂਢੀ ਮੁਲਕ ਦਾ ਜਿਹੜਾ ਵੀ ਫ਼ੈਸਲਾ ਹੈ, ਲੜਾਈ ਹੈ, ਉਹ ਵੱਖਰੀ ਗੱਲ ਹੈ, ਇਸ ਨੂੰ ਸਾਹਿਤਕ ਲੈਣ-ਦੇਣ ਤੋਂ ਦੂਰ ਰੱਖਿਆ ਜਾਵੇ।

ਅਟਾਰੀ ਦੇ ਰਸਤੇ ਦਿੱਲੀ ਪਹੁੰਚਦੀਆਂ ਸਨ ਕਿਤਾਬਾਂ: ਮੱਖਣ ਸਿੰਘ
ਅੰਮਿ੍ਤਸਰ ‘ਚ ਡਾਕ ਵਿਭਾਗ ਦੇ ਸੀਨੀਅਰ ਸੁਪਰਡੈਂਟ ਮੱਖਣ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਸਾਹਿਤਕ ਕਿਤਾਬਾਂ ਦਿੱਲੀ ਪਹੁੰਚਦੀਆਂ ਸਨ। ਇਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ‘ਚ ਵੰਡੀਆਂ ਜਾਂਦੀਆਂ ਸਨ। ਹੁਣ ਇਹ ਲੜੀ ਕਈ ਦਿਨਾਂ ਤੋਂ ਬੰਦ ਹੈ। ਉੱਥੇ, ਬੀਐੱਸਐੱਫ ਦੇ ਇਕ ਆਹਲਾ ਅਧਿਕਾਰੀ ਨੇ ਕਿਹਾ ਕਿ ਰੋਜ਼ਾਨਾ ਸ਼ਾਮ ਨੂੰ ਦੋਵੇਂ ਦੇਸ਼ਾਂ ਦਰਮਿਆਨ ਅਖ਼ਬਾਰਾਂ ਦਾ ਲੈਣ-ਦੇਣ ਤਾਂ ਜਾਰੀ ਹੈ, ਪਰ ਪਾਕਿਸਤਾਨ ਵੱਲੋਂ ਸਾਹਿਤਕ ਕਿਤਾਬਾਂ ਨਹੀਂ ਆ ਰਹੀਆਂ।

ਭੜਕਾਊ ਭਾਸ਼ਣ ਦੇਣ ਵਾਲੇ ਸਿਆਸਤਦਾਨਾਂ ‘ਤੇ ਰੋਕ ਲੱਗੇ: ਧਾਲੀਵਾਲ
ਨਾਟਕਕਾਰ ਕੇਵਲ ਧਾਲੀਵਾਲ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ। ਰੋਕ ਲੱਗਣੀ ਹੈ ਤਾਂ ਉਨ੍ਹਾਂ ਸਿਆਸਤਦਾਨਾਂ ‘ਤੇ ਲੱਗੇ ਜਿਹੜੇ ਭੜਕਾਊ ਭਾਸ਼ਣ ਦਿੰਦੇ ਹਨ। ਦੋਵਾਂ ਮੁਲਕਾਂ ਦੇ ਵਿਗੜਦੇ ਸਬੰਧਾਂ ਦਾ ਖਮਿਆਜ਼ਾ ਹਮੇਸ਼ਾ ਸਹਿਤਕਾਰਾਂ, ਕਲਾਕਾਰਾਂ ਅਤੇ ਗਾਇਕਾਂ ਨੂੰ ਭੁਗਤਣਾ ਪੈਂਦਾ ਹੈ। ਇਹ ਤਿੰਨੇ ਹੀ ਦੋਵੇਂ ਮੁਲਕਾਂ ਦਰਮਿਆਨ ਅਮਨ ਸ਼ਾਂਤੀ ਦੀ ਗੱਲ ਕਰਦੇ ਹਨ।

Previous articleDeepika, Ranveer, SRK, Aamir attend Ranbir’s 37th b’day bash
Next articleIsha Koppikar: Actresses enjoy quality, quantity work in web space