ਪਾਕਿਸਤਾਨ ਨੇ ਇੱਥੇ ਵਿਸ਼ਵ ਕ੍ਰਿਕਟ ਕੱਪ ਦੇ ਹੋਏ ਮੈਚ ਵਿੱਚ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਉੱਤੇ 237 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ 49.1 ਓਵਰ ਦੇ ਵਿੱਚ ਚਾਰ ਵਿਕਟਾਂ ਉੱਤੇ 241 ਦੌੜਾਂ ਬਣਾ ਲਈਆਂ। ਇਸ ਜਿੱਤ ਵਿਚ ਬਾਬਰ ਆਜ਼ਮ (101*) ਅਤੇ ਹਾਰਿਸ ਸੋਹਿਲ (68 ਦੌੜਾਂ) ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਪਹਿਲਾਂ ਜੇਮਜ਼ ਨੀਸ਼ਾਮ ਅਤੇ ਕੋਲਿਨ ਡੀ ਗਰੈਂਡਹੋਮ ਵੱਲੋਂ ਖੇਡੀ ਗਈ 132 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਨਿਊਜ਼ੀਲੈਂਡ ਨੂੰ ਸ਼ਾਹੀਨ ਸ਼ਾਹ ਅਫ਼ਰੀਦੀ ਦੇ ਸ਼ੁਰੂਆਤੀ ਝਟਕਿਆਂ ਤੋਂ ਉਭਾਰ ਕੇ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਛੇ ਵਿਕਟਾਂ ’ਤੇ 237 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦਾ ਸਕੋਰ ਇੱਕ ਸਮੇਂ ਪੰਜ ਵਿਕਟਾਂ ’ਤੇ 83 ਦੌੜਾਂ ਸੀ, ਜਿਸ ਮਗਰੋਂ ਨੀਸ਼ਾਮ (112 ਗੇਂਦਾਂ ’ਤੇ ਨਾਬਾਦ 97 ਦੌੜਾਂ) ਅਤੇ ਗਰੈਂਡਹੋਮ (71 ਗੇਂਦਾਂ ’ਤੇ 64 ਦੌੜਾਂ) ਨੇ ਜ਼ਿੰਮੇਵਾਰੀ ਸੰਭਾਲੀ ਅਤੇ ਛੇਵੀਂ ਵਿਕਟ ਲਈ 132 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਸਿਰਫ਼ ਕਪਤਾਨ ਕੇਨ ਵਿਲੀਅਮਸਨ (69 ਗੇਂਦਾਂ ’ਤੇ 41 ਦੌੜਾਂ) ਹੀ ਕੁੱਝ ਯੋਗਦਾਨ ਪਾ ਸਕਿਆ। ਨਿਊਜ਼ੀਲੈਂਡ ਨੇ ਆਖ਼ਰੀ ਪੰਜ ਓਵਰਾਂ ਵਿੱਚ 53 ਦੌੜਾਂ ਜੋੜੀਆਂ। ਨੀਸ਼ਾਮ ਨੇ ਆਪਣੇ ਕਰੀਅਰ ਦਾ ਸਰਵੋਤਮ ਸਕੋਰ ਬਣਾਇਆ। ਪਾਕਿਸਤਾਨ ਵੱਲੋਂ ਸ਼ਾਹੀਨ ਨੇ ਦਸ ਓਵਰਾਂ ਵਿੱਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ਾਦਾਬ ਖ਼ਾਨ ਅਤੇ ਮੁਹੰਮਦ ਆਮਿਰ ਨੇ ਇੱਕ-ਇੱਕ ਵਿਕਟ ਲਈ। ਪਿੱਚ ਗਿੱਲੀ ਹੋਣ ਕਾਰਨ ਮੈਚ ਇੱਕ ਘੰਟੇ ਮਗਰੋਂ ਸ਼ੁਰੂ ਹੋਇਆ। ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਜੋ ਟੀਮ ਨੂੰ ਪੁੱਠਾ ਪੈ ਗਿਆ। ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਨੂੰ ਚੰਗੀ ਸਵਿੰਗ ਮਿਲ ਰਹੀ ਸੀ ਅਤੇ ਉਨ੍ਹਾਂ ਨੇ ਹਾਲਾਤ ਦਾ ਪੂਰਾ ਲਾਹਾ ਲੈਂਦਿਆਂ ਨਿਊਜ਼ੀਲੈਂਡ ਦੇ ਸੀਨੀਅਰ ਕ੍ਰਮ ਨੂੰ ਝੰਜੋੜ ਕੇ ਰੱਖ ਦਿੱਤਾ। ਇਸੇ ਤਰ੍ਹਾਂ ਮੁਹੰਮਦ ਆਮਿਰ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਮਾਰਟਿਨ ਗੁਪਟਿਲ ਦੀਆਂ ਗੁੱਲੀਆਂ ਉਡਾ ਦਿੱਤੀਆਂ, ਜੋ ਟੂਰਨਾਮੈਂਟ ਵਿੱਚ ਦੌੜਾਂ ਬਣਾਉਣ ਨੂੰ ਤਰਸ ਰਿਹਾ ਹੈ। ਇਸ ਮਗਰੋਂ ਸ਼ਾਹੀਨ ਨੇ ਕਹਿਰ ਢਾਹਿਆ। ਉਸ ਨੇ ਕੋਲਿਨ ਮੁਨਰੋ (12 ਦੌੜਾਂ), ਰੋਸ ਟੇਲਰ (ਤਿੰਨ ਦੌੜਾਂ) ਅਤੇ ਟੌਮ ਲੈਥਮ (ਇੱਕ ਦੌੜ) ਨੂੰ ਆਊਟ ਕਰਕੇ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਪਾਕਿਸਤਾਨੀ ਦਰਸ਼ਕਾਂ ਨੂੰ ਖ਼ੁਸ਼ ਕਰ ਦਿੱਤਾ। ਮੁਨਰੋ ਨੇ ਵੱਧ ਉਛਾਲ ਵਾਲੀ ਗੇਂਦ ’ਤੇ ਸ਼ਾਟ ਖੇਡਣ ਦੇ ਚੱਕਰ ਵਿੱਚ ਸਲਿੱਪ ਵਿੱਚ ਕੈਚ ਦਿੱਤਾ। ਕਪਤਾਨ ਅਤੇ ਵਿਕਟਕੀਪਰ ਸਰਫ਼ਰਾਜ਼ ਅਹਿਮਦ ਨੇ ਸੱਜੇ ਪਾਸੇ ਛਾਲ ਮਾਰ ਕੇ ਟੇਲਰ ਦਾ ਸ਼ਾਨਦਾਰ ਕੈਚ ਲਿਆ। ਲੈਥਮ ਰੱਖਿਆਤਮਕ ਸ਼ਾਟ ਖੇਡਣਾ ਚਾਹੁੰਦਾ ਸੀ, ਪਰ ਗੇਂਦ ਉਸ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਕੋਲ ਪਹੁੰਚ ਗਈ। ਪਿਛਲੇ ਦੋ ਮੈਚਾਂ ਵਿੱਚ ਸੈਂਕੜਾ ਮਾਰਨ ਵਾਲਾ ਵਿਲੀਅਮਸਨ ਵੀ ਦਬਾਅ ਵਿੱਚ ਵੱਡੀ ਪਾਰੀ ਨਹੀਂ ਖੇਡ ਸਕਿਆ। ਸ਼ਾਦਾਬ ਖ਼ਾਨ ਦੀ ਬਿਹਤਰੀਨ ਲੈੱਗ ਬ੍ਰੇਕ ਉਸ ਦੇ ਬੱਲੇ ਨੂੰ ਛੂਹ ਕੇ ਸਰਫ਼ਰਾਜ਼ ਦੇ ਦਸਤਾਨਿਆਂ ਵਿੱਚ ਚਲੀ ਗਈ, ਜਿਸ ਨੇ ਨਿਊਜ਼ੀਲੈਂਡ ਨੂੰ ਡੂੰਘੇ ਸੰਕਟ ਵਿੱਚ ਪਾ ਦਿੱਤਾ। ਅਜਿਹੇ ਮੁਸ਼ਕਲ ਹਾਲਾਤ ਵਿੱਚ ਨੀਸ਼ਾਮ ਅਤੇ ਗਰੈਂਡਹੋਮ ਨੇ ਬਖ਼ੂਬੀ ਜ਼ਿੰਮੇਵਾਰੀ ਸੰਭਾਲੀ, ਪਰ ਵਿਕਟ ਬਚਾਈ ਰੱਖਣ ਦਾ ਦਬਾਅ ਦੋਵਾਂ ਪਾਸੇ ਸਾਫ਼ ਵਿਖਾਈ ਦੇ ਰਿਹਾ ਸੀ। ਨੀਸ਼ਾਮ ਨੇ 77 ਗੇਂਦਾਂ ’ਤੇ ਆਪਣਾ ਛੇਵਾਂ ਇੱਕ ਰੋਜ਼ਾ ਅਰਧ ਸੈਂਕੜਾ ਪੂਰਾ ਕੀਤਾ। -ਪੀਟੀਆਈ
Sports ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ