ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਨੇ ਅੱਜ ਆਪਣਾ 74ਵਾਂ ਆਜ਼ਾਦੀ ਦਿਵਸ ਮਨਾਉਂਦਿਆਂ ਕਿਹਾ ਕਿ ‘ਵੱਡੀਆਂ ਮੁਸ਼ਕਲਾਂ’ ਦੇ ਬਾਵਜੂਦ ਦੇਸ਼ ਨੇ ‘ਦਹਿਸ਼ਤਗਰਦੀ’ ਨੂੰ ਹਰਾਇਆ ਹੈ ਅਤੇ ਵਿਦੇਸ਼ੀ ਅਤੇ ਘਰੇਲੂ ਮੋਰਚੇ ’ਤੇ ‘ਲੰਬਾ ਪੈਂਡਾ ਤੈਅ’ ਕੀਤਾ ਹੈ।
ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ਵਿੱਚ ਝੰਡਾ ਲਹਿਰਾਊਣ ਦੀ ਰਸਮ ਅਦਾ ਕਰਨ ਮੌਕੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਲੋਕਾਂ ਨੂੰ ਦੇਸ਼ ਸਾਹਮਣੇ ਚੁਣੌਤੀਆਂ ਦੇ ਟਾਕਰੇ ਲਈ ਇਕਜੁਟ ਹੋਣ ਦੀ ਅਪੀਲ ਕੀਤੀ। ਊਨ੍ਹਾਂ ਰਾਸ਼ਟਰ ਵਾਸੀਆਂ ਨੂੰ ‘ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਡਟ ਕੇ ਕੰਮ ਕਰਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਨੇ ਕਿਹਾ, ‘‘ਪਾਕਿਸਤਾਨ ਨੇ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਦਹਿਸ਼ਤਗਰਦੀ ਨੂੰ ਹਰਾਇਆ ਹੈ। ਅਸੀਂ ਦਹਿਸ਼ਤਗਰਦੀ ਅਤੇ ਅਤਿਵਾਦ ਦੇ ਖ਼ਤਰਿਆਂ ਨੂੰ ਪਾਰ ਕੀਤਾ ਹੈ।’’
ਊਨ੍ਹਾਂ ਆਪਣੇ ਭਾਸ਼ਣ ਵਿੱਚ ਕਸ਼ਮੀਰ ਦਾ ਵੀ ਜ਼ਿਕਰ ਕੀਤਾ। ਅਲਵੀ ਨੇ ਕਸ਼ਮੀਰੀਆਂ ਨਾਲ ‘ਇਕਮੁੱਠਤਾ’ ਪ੍ਰਗਟਾਈ ਅਤੇ ਊਨ੍ਹਾਂ ਦੀ ‘ਲੜਾਈ ਵਿੱਚ ਪਾਕਿਸਤਾਨ ਦੇ ਸਮਰਥਨ’ ਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕੀਤੇ ਜਾਣ ਦੇ ਫ਼ੈਸਲੇ ਦੀ ਵਾਪਸੀ ਲਈ ਪਾਕਿਸਤਾਨ ਵਲੋਂ ਭਾਰਤ ਖ਼ਿਲਾਫ਼ ਕੌਮਾਂਤਰੀ ਸਮਰਥਨ ਹਾਸਲ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਜ਼ਾਦੀ ਦਿਵਸ ਮੌਕੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਪਾਕਿਸਤਾਨ ਨੇ ‘ਘਰੇਲੂ ਅਤੇ ਵਿਦੇਸ਼ੀ ਮੇਰਚੇ’ ’ਤੇ ਮੁਸ਼ਕਲਾਂ ਨਾਲ ਜੂਝਦਿਆਂ ਲੰਬਾ ਪੈਂਡਾ ਤੈਅ ਕੀਤਾ ਹੈ।