ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਤੇ ਟੇਂਡੀ ਵਾਲਾ ‘ਚ ਦੂਜੀ ਰਾਤ ਵੀ ਲਗਾਤਾਰ ਡ੍ਰੋਨ ਦੇਖਿਆ ਗਿਆ ਜਿਸ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿਚ ਸਨਸਨੀ ਫੈਲ ਗਈ।
ਰਾਤ ਨੂੰ ਪਿੰਡ ਤੋਂ ਬਾਹਰ ਆਈ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਜਵਾਨ ਰਾਤ ਡੇਢ ਵਜੇ ਹੀ ਪਿੰਡ ਪੁੱਜੇ ਤੇ ਉਹ ਸਵੇਰ ਤਕ ਉਕਤ ਪਿੰਡਾਂ ਵਿਚ ਤਾਇਨਾਤ ਰਹੇ। ਦਿਨ ਚੜ੍ਹਦਿਆਂ ਹੀ ਸਵੇਰੇ ਅੱਠ ਵਜੇ ਤੋਂ ਲੈ ਕੇ ਦੁਪਹਿਰ ਤਕ ਤਲਾਸ਼ੀ ਮੁਹਿੰਮ ਚੱਲੀ। ਬੀਐੱਸਐੱਫ, ਫ਼ੌਜ, ਸੀਆਰਪੀਐੱਫ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਖੇਤਾਂ ਦੀ ਪੁਣਛਾਣ ਕੀਤੀ। ਇੱਥੋਂ ਤਕ ਕਿ ਇਕ ਵਿਅਕਤੀ ਵੱਲੋਂ ਰਾਤ ਨੂੰ ਡ੍ਰੋਨ ਦੇਖੇ ਜਾਣ ਦੀ ਖ਼ਬਰ ‘ਤੇ ਵੀ ਪੁਲਿਸ ਨੇ ਗ਼ੌਰ ਫਰਮਾਇਆ ਤੇ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਪਰ ਉਹ ਗੋਲ-ਮੋਲ ਜਵਾਬ ਦੇ ਗਿਆ।
ਜਾਗਰਣ ਨੇ ਜਦੋਂ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਹਜ਼ਾਰਾ ਸਿੰਘ ਵਾਲਾ ‘ਚ ਜਾ ਕੇ ਸਬੰਧਿਤ ਵਿਅਕਤੀ ਨਾਲ ਮੁਲਾਕਾਤ ਕੀਤੀ ਜਿਸ ਕੋਲ ਸਭ ਤੋਂ ਪਹਿਲਾਂ ਡ੍ਰੋਨ ਦੇਖਣ ਦੀ ਖ਼ਬਰ ਸੀ। ਉਸ ਨੇ ਦੱਸਿਆ ਕਿ ਉਸ ਨੇ ਵੀ ਗੱਲ ਸੁਣੀ ਹੀ ਸੀ ਪਰ ਦਿਨ ਭਰ ਦੀ ਪੁੱਛਗਿੱਛ ਤੋਂ ਉਸ ਦੇ ਚਿਹਰੇ ਦਾ ਰੰਗ ਉੱਡਿਆ ਜਿਹਾ ਨਜ਼ਰ ਆਇਆ। ਥੋੜ੍ਹਾ ਘਬਰਾਏ ਹੋਏ ਉਸ ਨੇ ਦੱਬੀ ਆਵਾਜ਼ ‘ਚ ਡ੍ਰੋਨ ਦੇਖਣ ਦੀ ਗੱਲ ਤੋਂ ਇਨਕਾਰ ਕਰਦਿਆਂ ਸੂਚਨਾ ਮਿਲਣ ਦੀ ਹੀ ਗੱਲ ਕਹੀ ਜਦਕਿ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਹੋਰ ਲੋਕਾਂ ਵੱਲੋਂ ਉਸੇ ਵਿਅਕਤੀ ਦਾ ਨਾਂ ਸਭ ਤੋਂ ਪਹਿਲਾਂ ਲਿਆ ਗਿਆ।
ਬੀਐੱਸਐੱਫ ਦੇ ਕਮਾਂਡਿੰਗ ਅਫਸਰ, ਪੰਜਾਬ ਪੁਲਿਸ ਦੇ ਐੱਸਪੀ (ਐੱਚ) ਗੁਰਮੀਤ ਸਿੰਘ ਚੀਮਾ ਦੀ ਅਗਵਾਈ ਵਿਚ ਜਵਾਨਾਂ ਨੇ ਖੇਤਾਂ ‘ਚ ਤਲਾਸ਼ੀ ਮੁਹਿੰਮ ਚਲਾਈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਸ਼ਾਇਦ ਰਾਤ ਨੂੰ ਦੇਖੇ ਗਏ ਡ੍ਰੋਨ ਨੇ ਹਥਿਆਰ ਉਤਾਰੇ ਹੋਣ। ਜਾਂਚ ਯੰਤਰਾਂ ਨਾਲ ਛੇ ਘੰਟੇ ਤਕ ਸਰਚ ਆਪ੍ਰੇਸ਼ਨ ਹੋਇਆ। ਫਿਲਹਾਲ ਕੁਝ ਹੱਥ ਨਹੀਂ ਲੱਗਾ। ਪਿੰਡ ਦੇ ਲੋਕਾਂ ਮੁਤਾਬਕ ਸਵੇਰੇ ਅੱਠ ਵਜੇ ਹੀ ਪੁਲਿਸ ਦੀਆਂ ਗੱਡੀਆਂ, ਬੀਐੱਸਐੱਫ ਦੇ ਵਾਹਨ ਪਿੰਡ ਦੇ ਉਸ ਹਿੱਸੇ ਤਕ ਪੁੱਜ ਚੁੱਕੇ ਸਨ ਜਿੱਥੋਂ ਸਰਹੱਦ ਮਹਿਜ਼ ਡੇਢ ਕਿਲੋਮੀਟਰ ‘ਤੇ ਹੈ।