ਲੁਧਿਆਣਾ – ਪਾਕਿਸਤਾਨ ਦੇ ਇੱਕ ਸਿੱਖ ਵੱਲੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਭਾਰਤ ‘ਚ ਆ ਕੇ ਸਿਆਸੀ ਸ਼ਰਨ ਮੰਗੀ ਗਈ ਹੈ। ਬਲਦੇਵ ਕੁਮਾਰ ਨਾਮੀ ਸਹਿਜਧਾਰੀ ਸਿੱਖ ਜੋ ਕਿ ਪਾਕਿਸਤਾਨ ਦੀ ਪੀ.ਟੀ.ਆਈ ਪਾਰਟੀ ਦਾ ਸਾਬਕਾ ਵਿਧਾਇਕ ਦੱਸਿਆ ਜਾ ਰਿਹਾ ਹੈ, ਹੁਣ ਪੰਜਾਬ, ਭਾਰਤ ਦੇ ਖੰਨਾ ਸ਼ਹਿਰ ‘ਚ ਆਪਣੇ ਸਹੁਰਾ ਪਰਿਵਾਰ ਦੇ ਘਰ ਰਹਿ ਰਿਹਾ ਹੈ ਤੇ ਪਾਕਿਸਤਾਨ ‘ਚ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਉਥੇ ਵਾਪਸ ਜਾਣ ਤੋਂ ਕੋਰੀ ਨਾਂਹ ਕੀਤੀ ਗਈ ਹੈ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਉਹ 3 ਮਹੀਨਿਆਂ ਦੇ ਵੀਜ਼ੇ ‘ਤੇ 12 ਅਗਸਤ ਨੂੰ ਭਾਰਤ ਪੁੱਜਿਆ ਹੈ। ਬਲਦੇਵ ਦੀ ਪਤਨੀ ਭਾਰਤੀ ਨਾਗਰਿਕ ਹੈ ਅਤੇ ਉਨ੍ਹਾਂ ਦਾ ਵਿਆਹ 2007 ‘ਚ ਲੁਧਿਆਣਾ ਦੇ ਖੰਨਾ ਦੀ ਰਹਿਣ ਵਾਲੀ ਭਾਵਨਾ ਨਾਲ ਹੋਇਆ ਸੀ। ਉਨ੍ਹਾਂ ਦਾ ਸਹੁਰਾ ਪਰਿਵਾਰ ਖੰਨਾ ਦੇ ਮਾਡਲ ਟਾਊਨ ‘ਚ ਰਹਿੰਦਾ ਹੈ। ਉਨ੍ਹਾਂ ਦੇ 2 ਬੱਚੇ ਪਾਕਿਸਤਾਨੀ ਨਾਗਰਿਕ ਹਨ। ਉਨ੍ਹਾਂ ਦੀ 10 ਸਾਲਾਂ ਦੀ ਬੇਟੀ ਰੀਆ ਥੈਲੈਸੀਮੀਆ ਦੀ ਮਰੀਜ਼ ਹੈ ਅਤੇ ਉਸ ਦਾ ਹਰ 15 ਦਿਨ ਬਾਅਦ ਖੂਨ ਬਦਲਿਆ ਜਾਂਦਾ ਹੈ।
ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ ‘ਚ ਬਹੁਤ ਅਜਿਹੇ ਮਸਲੇ ਹਨ ਜਿੰਨ੍ਹਾਂ ਨਾਲ ਘੱਟ ਗਿਣਤੀਆਂ ਉਥੇ ਮਹਿਫੂਜ਼ ਨਹੀਂ ਹਨ। ਉਨ੍ਹਾਂ ਆਖਿਆ ਕਿ ਉਸਨੂੰ ਖੁਦ ਨੂੰ ਇਕ ਵਿਧਾਇਕ ‘ਤੇ ਕਤਲ ਦਾ ਝੂਠਾ ਦੋਸ਼ ਲਾ ਕੇ 2 ਸਾਲਾਂ ਲਈ ਜੇਲ ‘ਚ ਪਾ ਦਿੱਤਾ ਗਿਆ ਸੀ। ਜਿਸ ‘ਚੋਂ ਉਹ 2018 ‘ਚ ਬਰੀ ਹੋਏ ਸਨ। ਬਲਦੇਵ ਕੁਮਾਰ ਖੈਬਰ ਪਖਤੂਨ ਖਵਾ ਵਿਧਾਨ ਸਭਾ ‘ਚ ਬਾਰੀਕੋਟ (ਰਾਖਵੀਂ) ਸੀਟ ਤੋਂ ਵਿਧਾਇਕ ਰਹੇ ਹਨ।