ਕਰਾਚੀ (ਸਮਾਜ ਵੀਕਲੀ) : ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦੇਸ਼ ਵਿੱਚ ਮੌਜੂਦਾ ਸਿਆਸੀ ਹਾਲਾਤ ਲਈ ਫ਼ੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਤੀਜੀ ਸਾਂਝੀ ਰੈਲੀ ਕੀਤੀ।
ਦੇਸ਼ ਦੀਆਂ 11 ਵਿਰੋਧੀ ਧਿਰਾਂ ਨੇ ਇਮਰਾਨ ਖ਼ਾਨ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ 20 ਸਤੰਬਰ ਨੂੰ ਸਾਂਝਾ ਮੰਚ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਬਣਾਇਆ ਹੈ। ਮੰਚ ਵੱਲੋਂ ਇਸ ਮਹੀਨੇ ਗੁਜਰਾਂਵਾਲਾ ਅਤੇ ਕਰਾਚੀ ਵਿੱਚ ਦੋ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ, ਜਦੋਂਕਿ ਤੀਜੀ ਰੈਲੀ ਅਸ਼ਾਂਤ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿੱਚ ਕੀਤੀ ਗਈ।
ਲੰਡਨ ਤੋਂ ਇੱਕ ਵੀਡੀਓ ਰਾਹੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਰੀਫ਼ ਨੇ ਕਿਹਾ, ‘‘ਜਨਰਲ ਬਾਜਵਾ ਤੁਹਾਨੂੰ 2018 ਦੀਆਂ ਚੋਣਾਂ ਦੌਰਾਨ ਗੜਬੜੀ, ਸੰਸਦ ਵਿੱਚ ਸੰਸਦ ਮੈਂਬਰਾਂ ਦੀ ਖ਼ਰੀਦੋ-ਫਰੋਖ਼ਤ, ਲੋਕਾਂ ਦੀ ਇੱਛਾ ਵਿਰੁੱਧ ਅਤੇ ਸੰਵਿਧਾਨ ਤੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇਮਰਾਨ ਨਿਆਜ਼ੀ ਨੂੰ ਪ੍ਰਧਾਨ ਮੰਤਰੀ ਬਣਾਉਣ, ਲੋਕਾਂ ਨੂੰ ਗ਼ਰੀਬੀ ਅਤੇ ਭੁਖਮਰੀ ਵੱਲ ਧੱਕਣ ਦਾ ਜਵਾਬ ਦੇਣਾ ਹੋਵੇਗਾ।’’ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਸ਼ਰੀਫ਼ ਪਿਛਲੇ ਸਾਲ ਨਵੰਬਰ ਤੋਂ ਲੰਡਨ ਵਿੱਚ ਹਨ।