ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ’ਚੋਂ ਅਹਿਮ ਜਾਣਕਾਰੀਆਂ ਹਾਸਲ ਕਰਨ ਲਈ ਜੰਮੂ ਕਸ਼ਮੀਰ ਪੁਲੀਸ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਨੂੰ ਮੋਹਰਾ ਬਣਾਇਆ ਸੀ। ਦਵਿੰਦਰ ਸਿੰਘ, ਜੋ ਅਗਵਾ ਦੀ ਕਿਸੇ ਵੀ ਘਟਨਾ ਨੂੰ ਰੋਕਣ ਵਾਲੀ ਅਹਿਮ ਯੂਨਿਟ ’ਚ ਤਾਇਨਾਤ ਸੀ,ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਆਪਣੇ ਆਕਾਵਾਂ ਦੇ ਨਿਯਮਤ ਸੰਪਰਕ ਵਿੱਚ ਸੀ।
ਚਾਰਜਸ਼ੀਟ ਮੁਤਾਬਕ ਪਾਕਿਸਤਾਨੀ ਆਕਾਵਾਂ ਨੇ ਸਿੰਘ ਦੀ ਜਾਸੂਸੀ ਸਰਗਰਮੀਆਂ ਲਈ ਵਿਦੇਸ਼ ਮੰਤਰਾਲੇ ਵਿੱਚ ‘ਸੰਪਰਕ’ ਸਥਾਪਤ ਕਰਨ ਦੀ ਡਿਊਟੀ ਲਾਈ ਸੀ। ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਦਰਜ 3064 ਸਫ਼ਿਆਂ ਦੀ ਚਾਰਜਸ਼ੀਟ ਵਿੱਚ ਸਿੰਘ ਤੇ ਪੰਜ ਹੋਰਨਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਚਾਰਜਸ਼ੀਟ ਵਿੱਚ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹੀਦੀਨ ਦੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਵਿੱਚ ਸ਼ਮੂਲੀਅਤ ਸਬੰਧੀ ਤਫ਼ਸੀਲ ’ਚ ਜਾਣਕਾਰੀ ਦਿੱਤੀ ਗਈ ਹੈ। ਚਾਰਜਸ਼ੀਟ ਮੁਤਾਬਕ ਦਵਿੰਦਰ ਸਿੰਘ ਨੇ ਪਾਕਿਸਤਾਨ ਹਾਈ ਕਮਿਸ਼ਨ ਸਥਿਤ ਆਪਣੇ ਸੰਪਰਕ ਦਾ ਨੰਬਰ ‘ਪਾਕਿ ਭਾਈ’ ਦੇ ਨਾਮ ਨਾਲ ਸੇਵ ਕੀਤਾ ਹੋਇਆ ਸੀ।
ਇਸ ‘ਸੰਪਰਕ’ ਵੱਲੋਂ ਸਿੰਘ ਨੂੰ ‘ਵਾਦੀ ਵਿੱਚ ਸਲਾਮਤੀ ਦਸਤਿਆਂ ਦੀ ਤਾਇਨਾਤੀ ਤੇ ਕਸ਼ਮੀਰ ਵਾਦੀ ਵਿੱਚ ‘ਵੀਆਈਪੀਜ਼’ ਦੀ ਆਮਦ ਸਬੰਧੀ ਹੋਰ ਕਈ ਕੰਮ ਦਿੱਤੇ ਗੲੇ ਸੀ। ਚਾਰਜਸ਼ੀਟ ਵਿੱਚ ਸਿੰਘ ਤੋਂ ਇਲਾਵਾ ਹਿਜ਼ਬੁਲ ਮੁਜਾਹੀਦੀਨ ਦੇ ਅਖੌਤੀ ਕਮਾਂਡਰ ਸੱਯਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ, ਉਸ ਦੇ ਭਰਾ ਸੱਯਦ ਇਰਫ਼ਾਨ ਅਹਿਮਦ ਤੇ ਹਿਜ਼ਬੁਲ ਕਾਰਕੁਨ ਇਰਫ਼ਾਨ ਸ਼ਫ਼ੀ ਮੀਰ, ਰਫ਼ੀ ਅਹਿਮਦ ਰਾਥਰ ਤੇ ਕਾਰੋਬਾਰੀ ਤਨਵੀਰ ਅਹਿਮਦ ਵਾਨੀ ਦੇ ਨਾਮ ਸ਼ਾਮਲ ਹਨ। ਦਵਿੰਦਰ ਸਿੰਘ ਨੂੰ ਇਸ ਸਾਲ 11 ਜਨਵਰੀ ਨੂੰ ਤਿੰਨ ਹੋਰਨਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।