ਇਸਲਾਮਾਬਾਦ : ਜਮੀਅਤ ਉਲੇਮਾ-ਇ-ਇਸਲਾਮ ਫਜ਼ਲ ਦੇ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਲਗਾਤਾਰ ਚੌਥੇ ਦਿਨ ਪੂਰੇ ਪਾਕਿਸਤਾਨ ਦੇ ਰਾਜ ਮਾਰਗ ਠੱਪ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਤੋਂ ਹਟਾਉਣ ਲਈ ਇਸ ਮੁਜ਼ਾਹਰੇ ਨੂੰ ਪਾਰਟੀ ਲਈ ਪਲਾਨ ਬੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਅਸਲ ‘ਚ ਜੇਯੂਆਈ-ਐੱਫ ਦੇ ਮੁਖੀ ਫਜ਼ਲੁਰ ਰਹਿਮਾਨ ਨੇ ਸਰਕਾਰ ਵਿਰੋਧੀ ਆਜ਼ਾਦੀ ਮਾਰਚ ਦੀ ਸ਼ੁਰੂਆਤ ਕਰਾਚੀ ਤੋਂ 27 ਅਕਤੂਬਰ ਨੂੰ ਕੀਤੀ ਸੀ। ਇਸਲਾਮਾਬਾਦ ਦੇ ਮੁੱਖ ਰਾਜ ਮਾਰਗ ‘ਤੇ 13 ਦਿਨ ਤਕ ਧਰਨਾ ਦੇਣ ਤੋਂ ਬਾਅਦ ਰਹਿਮਾਨ ਨੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਦੇਸ਼ ਭਰ ਦੇ ਰਾਜਮਾਰਗ ਬੰਦ ਕਰਨ ਨੂੰ ਕਿਹਾ ਸੀ। ਉਨ੍ਹਾਂ ਦੇ ਸੱਦੇ ਤੋਂ ਬਾਅਦ ਸਮਰਥਕਾਂ ਨੇ ਪੂਰੇ ਦੇਸ਼ ਦੇ ਰਾਜਮਾਰਗਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਸੀ। ਐਤਵਾਰ ਨੂੰ ਲਗਾਤਾਰ ਚੌਥੇ ਦਿਨ ਜੇਯੂਆਈ-ਐੱਫ ਤੇ ਪਖਤੂਨਖਵਾ ਮਿੱਲਾ ਅਵਾਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੇ ਕੁਵੇਟਾ-ਚਮਨ ਰਾਜਮਾਰਗ ਨੂੰ ਰੋਕ ਦਿੱਤਾ। ਇਸ ਨਾਲ ਖੇਤਰ ਦਾ ਆਵਾਜਾਈ ਪ੍ਰਭਾਵਿਤ ਹੋਇਆ। ਜਿਓ ਨਿਊਜ਼ ਮੁਤਾਬਕ ਸਿੰਧੂ ਹਾਈਵੇ ਲਿੰਕ ਰੋਡ ਦੇ ਨਾਲ-ਨਾਲ ਹਬ ਰਿਵਰ ਰੋਡ ‘ਤੇ ਵੀ ਮੁਜ਼ਾਹਰਾਕਾਰੀਆਂ ਨੇ ਆਵਾਜਾਈ ਰੋਕੀ। ਫਜ਼ਲੁਰ ਦੇ ਆਜ਼ਾਦੀ ਮਾਰਚ ਦਾ ਪਾਕਿਸਤਾਨ ਦੇ ਪ੍ਰਮੁੱਖ ਵਿਰੋਧੀ ਪਾਰਟੀਆਂ ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੀ ਸਮਰਥਨ ਕਰ ਰਹੇ ਹਨ।