ਨਿਊਯਾਰਕ : ਪਾਕਿਸਤਾਨ ‘ਚ ਘੱਟ ਗਿਣਤੀਆਂ ਖ਼ਿਲਾਫ਼ ਹੋ ਰਹੇ ਜ਼ੁਲਮ ਖ਼ਿਲਾਫ਼ ਨਿਊਯਾਰਕ ਦੀਆਂ ਸੜਕਾਂ ‘ਤੇ ਅਨੋਖੇ ਅੰਦਾਜ਼ ‘ਚ ਵਿਰੋਧ ਮੁਜ਼ਾਹਰੇ ਹੋਏ। ਪੀਲੀਆਂ ਟੈਕਸੀਆਂ ਤੇ ਮਿਨੀ ਟਰੱਕਾਂ ਦੀਆਂ ਛੱਤਾਂ ‘ਤੇ ਡਿਜੀਟਲ ਸਕ੍ਰੀਨ ਜ਼ਰੀਏ ਪਾਕਿਸਤਾਨੀ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮ ਦਿਖਾਏ ਗਏ। 24 ਘੰਟੇ ਇਹ ਗੱਡੀਆਂ ਪਾਕਿਸਤਾਨ ਦੀਆਂ ਕਾਰਸਤਾਨੀਆਂ ਦਾ ਨਮੂਨਾ ਪੂਰੇ ਸ਼ਹਿਰ ‘ਚ ਦਿਖਾਉਂਦੇ ਘੁੰਮਦੀਆਂ ਰਹੀਆਂ। ਪਾਕਿਸਤਾਨ ਵੱਲੋਂ ਘੱਟ ਗਿਣਤੀਆਂ ‘ਤੇ ਜ਼ਿਆਦਤੀਆਂ ਖ਼ਿਲਾਫ਼ ਇਹ ਮੁਹਿੰਮ ਵੱਡੇ ਪੱਧਰ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਾਸ਼ਣ ਤੋਂ ਪਹਿਲਾਂ ਛੇੜੀ ਗਈ ਹੈ। ਇਹ ਮੁਜ਼ਾਹਰੇ ਅਮਰੀਕਾ ਦੇ ਐਡਵੋਕੇਸੀ ਗਰੁੱਪ ਨੇ ਕੀਤੇ ਹਨ। ਸੰਯੁਕਤ ਰਾਸ਼ਟਰ ਦੇ ਹੈੱਡ ਕੁਆਰਟਰ ਦੇ ਆਲੇ ਦੁਆਲੇ ਘੁੰਮਦੀਆਂ ਇਨ੍ਹਾਂ ਗੱਡੀਆਂ ਦੀ ਡਿਜੀਟਲ ਸਕ੍ਰੀਨ ‘ਤੇ ਲਿਖਿਆ ਸੀ, ‘ਪਾਕਿਸਤਾਨ : ਅਜਿਹਾ ਦੇਸ਼ ਹੈ ਜਿਹੜਾ ਮਨੁੱਖੀ ਅਧਿਕਾਰਾਂ ‘ਤੇ ਸੰਯੁਕਤ ਰਾਸ਼ਠਰ ਦੇ ਚਾਰਟਰ ਨੂੰ ਨਹੀਂ ਮੰਨਦਾ ਤੇ ਮੁਹਾਜ਼ਿਰ ਪਾਕਿਸਤਾਨ ‘ਚ ਸੰਯੁਕਤ ਰਾਸ਼ਟਰ ਦੇ ਦਖ਼ਲ ਦੀ ਮੰਗ ਕਰਦੇ ਹਨ।’
ਕਰਾਚੀ ਦੇ ਸਾਬਕਾ ਮੇਅਰ ਵਾਸੇਯ ਜਲੀਲ ਨੇ ਦੱਸਿਆ ਕਿ ਪਾਕਿਸਤਾਨ ਮੁਹਾਜ਼ਿਰਾਂ ਨੂੰ ਅਜਿਹੀ ਬੇਇਨਸਾਫ਼ੀ ਖ਼ਿਲਾਫ਼ ਸ਼ਾਂਤੀਪੂਰਨ ਢੰਗ ਨਾਲ ਮੁਜ਼ਾਹਰੇ ਵੀ ਨਹੀਂ ਕਰਨ ਦਿੰਦਾ, ਇਸ ਲਈ ਉਨ੍ਹਾਂ ਕੋਲ ਕੋਈ ਹੋਰ ਬਦਲ ਨਹੀਂ ਸੀ। ਇਸ ਲਈ ਉਨ੍ਹਾਂ ਲੋਕਾਂ ਨੂੰ ਸੰਯੁਕਤ ਰਾਸ਼ਟਰ ਤੇ ਕੌਮਾਂਤਰੀ ਸੰਸਥਾਵਾਂ ਤੋਂ ਮਦਦ ਮੰਗਣੀ ਪੈ ਰਹੀ ਹੈ। ਇਹ ਸਾਡਾ ਨੈਤਿਕ, ਮਨੁੱਖੀ ਤੇ ਲੋਕਤਾਂਤਰਿਕ ਅਧਿਕਾਰ ਹੈ। ਉਨ੍ਹਾਂ ਦੱਸਿਆ ਕਿ ਮੁਹਾਜ਼ਿਰਾਂ ਖ਼ਿਲਾਫ਼ ਇਹ ਅੱਤਿਆਚਾਰ ਦਹਾਕਿਆਂ ਤੋਂ ਹੋ ਰਿਹਾ ਹੈ। ਸਾਡੇ 25 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਲੋਕ ਗਾਇਬ ਕੀਤੇ ਜਾ ਚੁੱਕੇ ਹਨ। ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਇਹ ਹਾਲਤ ਪਾਕਿਸਤਾਨ ਨੇ ਕੀਤੀ ਹੈ। ਚੇਤੇ ਰਹੇ ਕਿ ਪਾਕਿਸਤਾਨ ‘ਚ ਮੁਹਾਜ਼ਰ ਉਹ ਮੁਸਲਮਾਨ ਅਖਵਾਉਂਦੇ ਹਨ ਕਿ ਜਿਹੜੇ ਭਾਰਤ ਦੀ ਵੰਡ ਵੇਲੇ ਮੁੱਖ ਤੌਰ ‘ਤੇ ਯੂਪੀ ਤੇ ਬਿਹਾਰ ਤੋਂ ਪਾਕਿਸਤਾਨ ਚਲੇ ਗਏ ਸਨ।
ਇਸੇ ਤਰ੍ਹਾਂ ਵਾਇਸ ਆਫ ਕਰਾਚੀ ਦੇ ਮੁਖੀ ਨਦੀਮ ਨੁਸਰਤ ਨੇ ਦੱਸਿਆ ਕਿ ਪਾਕਿਸਤਾਨ ਇਕ ਪਾਸੇ ਤਾਂ ਆਪਣੇ ਹੀ ਦੇਸ਼ ਦੇ ਘੱਟ ਗਿਣਤੀਆਂ ‘ਤੇ ਜ਼ੁਲਮ ਕਰ ਰਿਹਾ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ‘ਚ ਇਕ ਝੂਠੀ ਕਹਾਣੀ ਸੁਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਸਲ ‘ਚ ਸ਼ਰਮਨਾਕ ਹੈ ਕਿ ਪਾਕਿਸਤਾਨ ਕਹਿੰਦਾ ਹੈ ਕਿ ਭਾਰਤ ਮੁਸਲਮਾਨਾਂ ਖ਼ਿਲਾਫ਼ ਹੈ। ਜਦਕਿ ਪਾਕਿਸਤਾਨ ਨੇ ਖ਼ੁਦ ਹੀ ਧਾਰਮਿਕ ਘੱਟ ਗਿਣਤੀਆਂ ਲਈ ਦੇਸ਼ ਨੂੰ ਨਰਕ ਬਣਾਇਆ ਹੋਇਆ ਹੈ। ਪਾਕਿਸਤਾਨ ਕਸ਼ਮੀਰ ਦੀ ਗੱਲ ਕਰਦਾ ਹੈ, ਪਰ ਕਰੀਬ ਪੰਜ ਲੱਖ ਪਾਕਿਸਤਾਨੀ ਅਜਿਹੇ ਹਨ ਜਿਹੜੇ ਅਜੇ ਵੀ ਬੰਗਲਾਦੇਸ਼ ‘ਚ ਰੈੱਡ ਕ੍ਰਾਸ ਦੇ ਕੈਂਪਾਂ ‘ਚ ਰਹਿ ਰਹੇ ਹਨ। ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਪਾਕਿਸਤਾਨ ਸਰਹੱਦ ਪਾਰ ਦੇ ਲੋਕਾਂ ਦੀ ਗੱਲ ਕਰਦਾ ਹੈ, ਪਰ ਆਪਣੇ ਹੀ ਦੇਸ਼ ‘ਚ ਲੋਕਾਂ ਦੀ ਅਣਦੇਖੀ ਕਰਦਾ ਹੈ। ਅਸੀਂ ਚਾ ਹੁੰਦੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪਹਿਲਾਂ ਆਪਣਾ ਘਰ ਠੀਕ ਕਰਨ। ਇਸ ਤੋਂ ਇਲਾਵਾ ਵਾਇਸ ਆਫ ਕਰਾਚੀ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰਸ ਨੂੰ ਲਿਖਿਆ ਹੈ ਕਿ ਉਹ ਕਰਾਚੀ ਦੇ ਲੋਕਾਂ ਤੇ ਪਾਕਿਸਤਾਨ ਦੇ ਸਰਕਾਰੀ ਦਮਨ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ।
World ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਜ਼ੁਲਮਾਂ ਖ਼ਿਲਾਫ਼ ਨਿਊਯਾਰਕ ‘ਚ ਮੁਜ਼ਾਹਰਾ