ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰਾਂ ਦਾ ਝੰਜਟ ਖਤਮ ਕਰ ਦਿੱਤਾ ਜਾਵੇਗਾ ਤੇ ਅਗਲੇ ਸਾਲ ਤੋਂ ਰਸੋਈ ਗੈਸ ਪਾਈਪ ਲਾਈਨ ਰਾਹੀਂ ਘਰ-ਘਰ ਪਹੁੰਚਾਈ ਜਾਵੇਗੀ। ਇਹ ਦਾਅਵਾ ਥਿੰਕ ਗੈਸ ਕੰਪਨੀ ਦੇ ਪ੍ਰਬੰਧਕਾਂ ਨੇ ਕੀਤਾ। ਕੰਪਨੀ ਦੇ ਸੀਨੀਅਰ ਉਪ ਪ੍ਰਧਾਨ (ਪ੍ਰਾਜੈਕਟ) ਜਸਵੀਰ ਸਿੰਘ ਤੇ ਐਮ ਰਵਿੰਦਰਨ ਨੇ ਮੀਡੀਆ ਨੂੰ ਦੱਸਿਆ ਕਿ ਛੇ ਮਹੀਨਿਆਂ ਵਿਚ ਪੰਜਾਬ ’ਚ ਸੀਐਨਜੀ ਪੰਪ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਹਿਲੇ ਪੜਾਅ ਦੌਰਾਨ ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਸੀਐਨਜੀ ਪੰਪ ਤੇ ਪਾਈਪ ਲਾਈਨ ਰਾਹੀਂ ਰਸੋਈ ਗੈਸ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ। ਰਸੋਈ ਗੈਸ ਦੀ ਸਪਲਾਈ 24 ਘੰਟੇ ਹੋਵੇਗੀ ਤੇ ਇਸ ਦੀ ਖਪਤ ਨੋਟ ਕਰਨ ਲਈ ਬਕਾਇਦਾ ਮੀਟਰ ਲਾਏ ਜਾਣਗੇ। ਪ੍ਰਾਜੈਕਟ ਦੇ ਸੀਨੀਅਰ ਉਪ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਕੰਪਨੀ ਦੀ ਵਿੱਤੀ ਮਦਦ ਅਮਰੀਕਾ ਦੀ ਇਕ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ। ਕਬਾਨਾ ਕਲੱਬ ’ਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਬਕਾਇਦਾ ਇਸ ਪ੍ਰਾਜੈਕਟ ਦਾ ਰਸਮੀ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਥਿੰਕ ਗੈਸ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਤੇ ਬਿਹਾਰ ’ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਸਥਾਪਿਤ ਕਰੇਗੀ। ਸ੍ਰੀ ਐਮ. ਰਵਿੰਦਰਨ ਨੇ ਕਿਹਾ ਕਿ ਕੰਪਨੀ ਨੇ ਇਸ ਸਾਲ ਅਪਰੈਲ ’ਚ ਹੋਈ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੀ ਨੌਂਵੀਂ ਬੋਲੀ ਤਹਿਤ ਚਾਰ ਬੋਲੀਆਂ ਜਿੱਤੀਆਂ ਹਨ। ਇਸ ਦੇ ਤਹਿਤ ਪੰਜਾਬ, ਮੱਧ ਪ੍ਰਦੇਸ਼ ਤੇ ਬਿਹਾਰ ਦੇ 9 ਜ਼ਿਲ੍ਹਿਆਂ ’ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਬਣਾਉਣ ਅਤੇ ਚਲਾਉਣ ਦੇ ਅਧਿਕਾਰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਥਿੰਕ ਗੈਸ ਵੱਲੋਂ 23000 ਵਰਗ ਕਿਲੋਮੀਟਰ ਖੇਤਰ ’ਚ ਨੈੱਟਵਰਕ ਤਿਆਰ ਕੀਤਾ ਜਾਵੇਗਾ ਜਿਸ ਤਹਿਤ ਕੰਪਨੀ 1.8 ਕਰੋੜ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਵੇਗੀ।