ਜੈਪੁਰ, (ਸਮਾਜਵੀਕਲੀ) : ਕਾਂਗਰਸ ਦੇ ਬਾਗ਼ੀ ਆਗੂ ਸਚਿਨ ਪਾਇਲਟ ਅਤੇ 18 ਹੋਰ ਸਾਥੀਆਂ ਨੇ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਾਰੀ ਕੀਤੇ ਗਏ ਨੋਟਿਸਾਂ ਖਿਲਾਫ਼ ਅੱਜ ਹਾਈ ਕੋਰਟ ਦਾ ਰੁਖ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਵਿਧਾਨ ਸਭਾ ’ਚੋਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਇਹ ਪੈਂਤੜਾ ਵਰਤਿਆ ਹੈ।
ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਜਿਵੇਂ ਹੀ ਕੇਸ ’ਤੇ ਸੁਣਵਾਈ ਸ਼ੁਰੂ ਕੀਤੀ ਤਾਂ ਬਾਗ਼ੀ ਆਗੂਆਂ ਦੇ ਵਕੀਲ ਹਰੀਸ਼ ਨੇ ਨਵੀਂ ਪਟੀਸ਼ਨ ਦਾਖ਼ਲ ਕਰਨ ਲਈ ਸਮਾਂ ਮੰਗ ਲਿਆ। ਜੱਜ ਨੇ ਉਨ੍ਹਾਂ ਨੂੰ ਨਵੀਂ ਪਟੀਸ਼ਨ ਦਾ ਖਰੜਾ ਤਿਆਰ ਕਰਨ ਦਾ ਸਮਾਂ ਦੇ ਦਿੱਤਾ। ਹੁਣ ਇਸ ਮਾਮਲੇ ਦੀ ਸੁਣਵਾਈ ਵੱਡੀ ਡਿਵੀਜ਼ਨ ਬੈਂਚ ਵੱਲੋਂ ਕੱਲ ਦੁਪਹਿਰ ਇਕ ਵਜੇ ਕੀਤੀ ਜਾਵੇਗੀ। ਕਾਂਗਰਸ ਦੇ ਚੀਫ਼ ਵ੍ਹਿਪ ਮਹੇਸ਼ ਜੋਸ਼ੀ, ਜਿਨ੍ਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਸਪੀਕਰ ਨੂੰ ਪੱਤਰ ਲਿਖਿਆ ਸੀ, ਨੇ ਵੀ ਅਦਾਲਤ ਦਾ ਰੁਖ ਕਰਦਿਆਂ ਕਿਹਾ ਹੈ ਕਿ ਕੋਈ ਵੀ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਉਸ ਦਾ ਪੱਖ ਵੀ ਸੁਣਿਆ ਜਾਵੇ।
ਵਕੀਲ ਹਰੀਸ਼ ਸਾਲਵੇ ਨੇ ਅਦਾਲਤ ’ਚ ਕਿਹਾ ਕਿ ਵਿਧਾਇਕ ਉਨ੍ਹਾਂ ਨੂੰ ਜਾਰੀ ਕੀਤੇ ਗਏ ਨੋਟਿਸਾਂ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ ਜਿਸ ਕਰ ਕੇ ਨਵੀਂ ਪਟੀਸ਼ਨ ਦਾਖ਼ਲ ਕਰਨ ਲਈ ਹੋਰ ਸਮੇਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਪੀਕਰ ਵੱਲੋਂ ਜਾਰੀ ਨੋਟਿਸਾਂ ਦਾ ਜਵਾਬ ਦੇਣ ਲਈ ਵਿਧਾਇਕਾਂ ਕੋਲ ਸ਼ੁੱਕਰਵਾਰ ਤੱਕ ਦਾ ਸਮਾਂ ਹੈ। ਜਿਨ੍ਹਾਂ ਵਿਧਾਇਕਾਂ ਨੂੰ ਨੋਟਿਸ ਮਿਲੇ ਹਨ, ਉਨ੍ਹਾਂ ’ਚ ਸਚਿਨ ਪਾਇਲਟ, ਵਿਸ਼ਵੇਂਦਰ ਸਿੰਘ, ਰਮੇਸ਼ ਮੀਣਾ, ਦੀਪੇਂਦਰ ਸਿੰਘ ਸ਼ੇਖਾਵਤ, ਭੰਵਰ ਲਾਲ ਸ਼ਰਮਾ ਅਤੇ ਹਰੀਸ਼ ਚੰਦਰ ਮੀਣਾ ਸ਼ਾਮਲ ਹਨ।