ਲੋਕਾਂ ਨੂੰ ਵਿਕਾਸ ਕੰਮਾਂ ਵਿੱਚ ਗੁਣਵੱਤਾ ਲਈ ਨਿਗਰਾਨ ਦੀ ਭੂਮਿਕਾ ਨਿਭਾਉਣ ਦਾ ਸੱਦਾ
ਪੰਜਾਬ ਸਰਕਾਰ ਦਿਹਾਤੀ ਖੇਤਰਾਂ ਦੇ ਵਿਕਾਸ ਵੱਲ ਦੇ ਰਹੀ ਹੈ ਵਿਸ਼ੇਸ਼ ਤਵੱਜੋਂ- ਚੀਮਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਸਾਫ ਸੁਥਰੇ ਵਾਤਾਵਰਨ ਅਤੇ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਦਿਹਾਤੀ ਖੇਤਰ ਵਾਲੇ ਵਿਧਾਨ ਸਭਾ ਹਲਕਿਆਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਦੇ ਪੇਂਡੂ ਵਿਕਾਸ ਤੇ ਚਾਇਤ ਵਿਭਾਗ ਵਲੋਂ ਜਿੱਥੇ ਅਨੇਕਾਂ ਪਿੰਡਾਂ ਵਿਚ ਠੋਸ ਰਹਿੰਦ ਖੂੰਹਦ ਪ੍ਰਬੰਧਨ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਉਥੇ ਹੀ ਪਿੰਡਾਂ ਵਿੱਚ ਸੀਵਰੇਜ, ਕਰੀਟ ਦੀਆਂ ਗਲੀਆਂ ਅਤੇ ਪਾਰਕ ਵਿਕਸਤ ਕਰਨ ਲਈ ਮਨਰੇਗਾ ਤਹਿਤ 46 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਅੱਜ ਇੱਥੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਪਿੰਡ ਮੀਰੇ ਵਿਖੇ ਪਹਿਲੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਸ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਹਲਕੇ ਦੇ ਪੰਜ ਪਿੰਡਾਂ ਵਿੱਚ ਅਜਿਹੇ ਪ੍ਰਾਜੈਕਟ ਲਗਾਏ ਜਾਣਗੇ।
ਇਸ ਪ੍ਰਾਜੈਕਟ ਤਹਿਤ ਕੂੜੇ ਦੇ ਨਿਪਟਾਰੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਪਿੰਡ ਦਾ ਕੂੜਾ ਇਕੱਠਾ ਕਰਨ ਲਈ ਸਾਰੇ ਪਿੰਡ ਵਿਚ ਵੱਖੋ ਵੱਖਰੇ ਰੰਗ ਦੇ ਕੂੜੇਦਾਨ ਵੀ ਲਗਾਏ ਜਾਣਗੇ। ਇਸ ਤੋਂ ਅੱਗੇ ਗਿੱਲੇ ਅਤੇ ਸੁੱਕਾ ਕੂੜੇ ਨੂੰ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਵਿਖੇ ਪ੍ਰੋਸੈਸ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਪ੍ਰੋਸੈਸ ਕੀਤੇ ਜਾਣ ਵਾਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇ ਗੀ ,ਜੋਕਿ ਕਿਸਾਨ ਆਪਣੀ ਲੋੜ ਅਨੁਸਾਰ ਪ੍ਰੋਜੈਕਟ ਤੋਂ ਲੈ ਸਕਣਗੇ। ਸੁਲਤਾਨਪੁਰ ਵਿਧਾਨ ਸਭਾ ਹਲਕੇ ਉੱਪਰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ, ਜਿਸ ਤਹਿਤ ਜਿੱਥੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ 400 ਕਰੋੜ ਤੋਂ ਜ਼ਿਆਦਾ ਦੇ ਵਿਕਾਸ ਕਾਰਜ ਕਰਵਾਏ ਗਏ। ਉਥੇ ਹੀ ਹੁਣ ਪਿੰਡਾਂ ਨੂੰ ਸੀਵਰੇਜ,ਪੀਣ ਵਾਲਾ ਪਾਣੀ,ਸਟਰੀਟ ਲਾਈਟਾਂ,ਪੱਕੀਆਂ ਗਲੀਆਂ ਨਾਲੀਆਂ ਦੀ ਉਸਾਰੀ ਲਈ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।
ਸ੍ਰ ਚੀਮਾ ਵਲੋਂ ਸਾਲਿਡ ਵੇਸਟ ਮੈਨੇਜਮੈਟ ਪਲਾਂਟ ਦਾ ਉਦਘਾਟਨ ਕਰਨ ਮਗਰੋਂ ਪਿੰਡ ਅਮਾਨੀਪੁਰ ਵਿਖੇ ਸੀਵਰੇਜ ਦਾ ਵੀ ਉਦਘਾਟਨ ਕੀਤਾ ਜਿਸ ਉੱਪਰ 8 ਲੱਖ ਰੁਪਏ ਦੀ ਲਾਗਤ ਆਈ ਹੈ। ਉਨਾਂ ਸਰਪੰਚਾਂ ਪੰਚਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਪਿੰਡਾਂ ਵਿਚ ਚਲ ਰਹੇ ਵਿਕਾਸ ਕੰਮਾ ਵਿਚ ਗੁਣਵੱਤਾ ਨੂੰ ਬਣਾਈ ਰੱਖਣ ਲਈ ਨਿਗਰਾਨ ਵਜੋਂ ਕੰਮ ਕਰਨ।ਇਸ ਮੌਕੇ ਵਿਧਾਇਕ ਚੀਮਾ ਨਾਲ ਬੀ.ਡੀ.ਪੀ ਓ ਗੁਰਪ੍ਰਤਾਪ ਸਿੰਘ ਬੱਲ, ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਪੱਪਾ,ਪੰਚਾਇਤ ਸੰਮਤੀ ਦੇ ਚੇਅਰਮੈਨ ਰਜਿੰਦਰ ਸਿੰਘ ਤਕੀਆ, ਉਪ ਚੇਅਰਮੈਨ ਮੰਗਲ ਸਿੰਘ ਭੱਟੀ, ਸੰਮਤੀ ਦੇ ਮੈਂਬਰ ਬਲਦੇਵ ਸਿੰਘ ਅਤੇ ਪਿੰਡਾਂ ਤੇ ਪੰਚ-ਸਰਪੰਚ ਹਾਜਰ ਸਨ।