ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਲਈ ਲੁਧਿਆਣਾ ਸ਼ਹਿਰ ਦੇ ਗੁਰੂ ਘਰ ਪੂਰੀ ਤਰ੍ਹਾਂ ਸਜਾ ਦਿੱਤੇ ਗਏ ਹਨ। 23 ਨਵੰਬਰ ਨੂੰ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਸਵੇਰੇ ਤਿੰਨ ਵਜੇ ਤੋਂ ਹੀ ਵੱਖ ਵੱਖ ਸਮਾਗਮ ਹੋਣਗੇ। ਇਸ ਦੇ ਲਈ ਜਿੱਥੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ, ਉੱਥੇ ਪੁਲੀਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਕਰ ਲਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ 2200 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜੋ ਵੱਖ ਵੱਖ ਗੁਰਦੁਆਰਿਆਂ ਵਿੱਚ ਸਮਾਗਮਾਂ ਦੌਰਾਨ ਤਾਇਨਾਤ ਰਹਿਣਗੇ।
ਸ਼ਹਿਰ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸ਼ਹਿਰ ਵਿੱਚ ਸੈਂਕੜੇ ਥਾਵਾਂ ’ਤੇ ਸਮਾਗਮ ਰੱਖੇ ਗਏ ਹਨ। ਸ਼ਹਿਰ ਦੇ ਇਤਿਹਾਸਕ ਤੇ ਮੁੱਖ ਗੁਰਦੁਆਰਿਆਂ ਵਿੱਚ ਵੱਡੇ ਸਮਾਗਮ ਵੀਰਵਾਰ ਰਾਤ ਤੋਂ ਹੀ ਸ਼ੁਰੂ ਹੋ ਗਏ ਹਨ। ਸਾਰੇ ਹੀ ਗੁਰਦੁਆਰਿਆਂ ਦੇ ਬਾਹਰ ਰੰਗ ਬਿਰੰਗੀਆਂ ਲੜੀਆਂ ਲਾਈਆਂ ਗਈਆਂ ਹਨ। ਕਈ ਗੁਰੂ ਘਰਾਂ ਵਿੱਚ ਵਿਦੇਸ਼ਾਂ ਤੋਂ ਮੰਗਵਾਏ ਹੋਏ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰਦੁਆਰਿਆਂ ਵਿੱਚ ਆਉਣ ਵਾਲੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਲਈ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਸਵੇਰੇ ਤਿੰਨ ਵਜੇ ਤੋਂ ਹੀ ਗੁਰਦੁਆਰਿਆਂ ਵਿੱਚ ਸਮਾਗਮ ਸ਼ੁਰੂ ਹੋ ਜਾਣਗੇ, ਜੋ ਦੇਰ ਰਾਤ ਤੱਕ ਚੱਲਣਗੇ। ਸ਼ਹਿਰ ਦੇ ਪ੍ਰਮੁੱਖ ਤੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੱਖ ਵੱਖ ਕੀਰਤਨੀ ਜਥੇ ਕੀਰਤਨ ਲਈ ਬੁਲਾਏ ਗਏ ਹਨ। ਸ਼ਹਿਰ ’ਚ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਦਿਹਾੜੇ ’ਤੇ ਵਿਸ਼ੇਸ਼ ਸਜਾਵਟ ਕੀਤੀ ਗਈ ਹੈ। ਪੂਰੇ ਗੁਰਦੁਆਰੇ ਨੂੰ ਰੰਗੀਨ ਲਾਈਟਾਂ ਨਾਲ ਸਜਾਇਆ ਗਿਆ ਹੈ। ਇੱਥੇ ਸਵੇਰ ਤੋਂ ਦੇਰ ਰਾਤ ਤੱਕ ਵੱਖ ਵੱਖ ਕੀਰਤਨੀ ਜੱਥੇ, ਕਥਾ ਵਾਚਕ ਗੁਰਬਾਣੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਇਸੇ ਤਰ੍ਹਾਂ ਸ਼ਹਿਰ ਦਾ ਪੁਰਾਣਾ ਗੁਰਦੁਆਰਾ ਗਊਘਾਟ ਪਹਿਲੀ ਪਾਤਸ਼ਾਹੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ’ਤੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਫੁੱਲਾਂ ਤੇ ਲਾਈਟਾਂ ਨਾਲ ਗੁਰਦੁਆਰਾ ਨੂੰ ਸਜਾਇਆ ਗਿਆ ਹੈ। ਫੀਲਡ ਗੰਜ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਵੀ ਗੁਰਪੁਰਬ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਮਾਡਲ ਟਾਊਨ ਐਕਸਟੈਂਸ਼ਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ, ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ, ਫਿਰੋਜ਼ਪੁਰ ਰੋਡ ਸਥਿਤ ਗੁਰਦੁਆਰਾ ਨਾਨਕਸਰ ਸਮੇਤ ਸ਼ਹਿਰ ਵਿੱਚ ਸਥਿਤ ਸੈਂਕੜੇ ਗੁਰਦੁਆਰਿਆਂ ਨੂੰ ਗੁਰਪੁਰਬ ਲਈ ਖਾਸ ਤੌਰ ’ਤੇ ਸਜਾਇਆ ਗਿਆ ਹੈ।
ਲੁਧਿਆਣਾ ਪੁਲੀਸ ਦੇ ਡਿਪਟੀ ਪੁਲੀਸ ਕਮਿਸ਼ਨਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਗੁਰਪੁਰਬ ਲਈ ਪੁਲੀਸ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਸ਼ਹਿਰ ਵਿੱਚ ਸੁਰੱਖਿਆ ਲਈ 2200 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ ਜੋ ਵੱਖ ਵੱਖ ਗੁਰਦੁਆਰਿਆਂ ਵਿੱਚ ਤਾਇਨਾਤ ਰਹਿਣਗੇ ਅਤੇ ਨਾਲ ਹੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਖਾਸ ਤੌਰ ’ਤੇ ਨਿਗ੍ਹਾ ਰੱਖਣਗੇ।
INDIA ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਜਸ਼ਨਾਂ ਲਈ ਪ੍ਰਬੰਧ ਮੁਕੰਮਲ