ਗਊ ਰੱਖਿਅਕਾਂ ਵੱਲੋਂ ਦੋ ਸਾਲ ਪਹਿਲਾਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਮਾਰੇ ਗਏ ਹਰਿਆਣਾ ਨਿਵਾਸੀ ਪਹਿਲੂ ਖ਼ਾਨ ਦੇ ਦੋ ਪੁੱਤਰਾਂ ਅਤੇ ਟਰੱਕ ਅਪਰੇਟਰ ਖ਼ਿਲਾਫ਼ ਇਥੋਂ ਦੀ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪਹਿਲੂ ਖ਼ਾਨ ਦੇ ਪੁੱਤਰਾਂ ਇਰਸ਼ਾਦ (25) ਅਤੇ ਆਰਿਫ਼ (22) ਖ਼ਿਲਾਫ਼ ਤਸਕਰੀ ਅਤੇ ਗਊ ਹੱਤਿਆ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਕ-ਅੱਪ ਵਾਹਨ ਦੇ ਡਰਾਈਵਰ ਖ਼ਾਨ ਮੁਹੰਮਦ ਦਾ ਨਾਮ ਵੀ ਚਾਰਜਸ਼ੀਟ ’ਚ ਸ਼ਾਮਲ ਹੈ। ਅਲਵਰ ਦੇ ਐੱਸਪੀ ਅਨਿਲ ਪਾਰਿਸ ਦੇਸ਼ਮੁਖ ਨੇ ਦੱਸਿਆ ਕਿ ਪਹਿਲੂ ਖ਼ਾਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ ਕਿਉਂਕਿ ਉਸ ਦੀ ਮੌਤ ਹੋ ਚੁੱਕੀ ਹੈ। ਦੇਸ਼ਮੁਖ ਨੇ ਕਿਹਾ,‘‘ਅਦਾਲਤ ਨੇ ਸਬੰਧਤ ਕਾਨੂੰਨ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਨੂੰ 24 ਮਈ ਨੂੰ ਸਵੀਕਾਰ ਕੀਤਾ। ਪਹਿਲੂ ਖ਼ਾਨ ਦੀ ਮੌਤ ਹੋ ਚੁੱਕੀ ਹੈ, ਇਸ ਲਈ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ।’’ ਉਂਜ ਚਾਰਜਸ਼ੀਟ ’ਚ ‘ਮੁਲਜ਼ਮ ਨਹੀਂ ਬਣਾਏ ਗਏ ਦੋਸ਼ੀਆਂ’ ਦੇ ਕਾਲਮ ’ਚ ਪੁਲੀਸ ਨੇ ਪਹਿਲੂ ਖ਼ਾਨ ਦਾ ਨਾਮ ਲਿਖਿਆ ਹੈ। ਚਾਰਜਸ਼ੀਟ ਦੇ ਸਾਰ ’ਚ ਪਹਿਲੂ ਖ਼ਾਨ ਦਾ ਨਾਮ ਹੈ ਜਿਸ ਮੁਤਾਬਕ ਮੁਲਜ਼ਮ ਇਰਸ਼ਾਦ ਖ਼ਾਨ, ਆਰਿਫ਼ ਖ਼ਾਨ, ਪਹਿਲੂ ਖ਼ਾਨ ਅਤੇ ਖ਼ਾਨ ਮੁਹੰਮਦ ਖ਼ਿਲਾਫ਼ ਦੋਸ਼ ਜਾਂਚ ’ਚ ਸਾਬਿਤ ਹੋਏ ਹਨ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਹਿਲੂ ਖ਼ਾਨ ਦੀ 3 ਅਪਰੈਲ 2017 ’ਚ ਮੌਤ ਹੋ ਗਈ ਸੀ। ਪਹਿਲੂ ਖ਼ਾਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਹੋਣ ’ਤੇ ਮਾਮਲੇ ਦੇ ਸਿਆਸੀ ਰੰਗਤ ਲੈਣ ਮਗਰੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਿਰਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਅਤੇ ਕੇਸ ਦੀ ਜਾਂਚ ਸਾਬਕਾ ਭਾਜਪਾ ਸਰਕਾਰ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਵਸੁੰਧਰਾ ਰਾਜੇ ਸਰਕਾਰ ਦੀ ਜਾਂਚ ’ਚ ਖਾਮੀ ਸਬੰਧੀ ਤਹਿਕੀਕਾਤ ਕੀਤੀ ਜਾਵੇਗੀ ਅਤੇ ਜੇਕਰ ਕੁਝ ਗਲਤ ਮਿਲਿਆ ਤਾਂ ਜਾਂਚ ਦੇ ਨਵੇਂ ਹੁਕਮ ਦਿੱਤੇ ਜਾਣਗੇ। ਉਧਰ ਏਆਈਐਮਆਈਐਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਟਵੀਟ ਕਰਕੇ ਕਿਹਾ ਕਿ ਰਾਜਸਥਾਨ ਦੇ ਮੁਸਲਮਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਹੁਕਮਰਾਨ ਕਾਂਗਰਸ ਸਰਕਾਰ ਵੀ ਭਾਜਪਾ ਦੀ ਕਾਪੀ ਹੈ ਅਤੇ ਉਨ੍ਹਾਂ ਨੂੰ ਆਪਣਾ ਆਜ਼ਾਦ ਸਿਆਸੀ ਮੰਚ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਅਪਰੈਲ 2017 ਨੂੰ ਪਹਿਲੂ ਖ਼ਾਨ ਦੀ ਕੁਝ ਗਊ ਰੱਖਿਅਕਾਂ ਨੇ ਬਹਿਰੋੜ (ਅਲਵਰ) ’ਚ ਕੁੱਟਮਾਰ ਕੀਤੀ ਸੀ ਜਿਸ ਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਗਈ ਸੀ। ਪਹਿਲੂ ਖ਼ਾਨ ਅਤੇ ਉਸ ਦੇ ਪੁੱਤਰ ਪਸ਼ੂ ਲੈ ਕੇ ਹਰਿਆਣਾ ਦੇ ਨੂੰਹ ਜਾ ਰਹੇ ਸਨ। ਇਸ ਮਾਮਲੇ ’ਚ 7 ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ ਚਾਰ ਮਾਮਲਿਆਂ ’ਚ ਚਾਰਜਸ਼ੀਟ 2017 ’ਚ ਦਾਖ਼ਲ ਕੀਤੀ ਗਈ ਸੀ। ਪੰਜਵੇਂ ਮਾਮਲੇ ’ਚ ਦੋਸ਼ ਪੱਤਰ 2018 ’ਚ ਦਾਖ਼ਲ ਕੀਤੇ ਗਏ ਜਦਕਿ ਛੇਵੇਂ ਮਾਮਲੇ ’ਚ ਚਾਰਜਸ਼ੀਟ 24 ਮਈ 2019 ਨੂੰ ਅਦਾਲਤ ਨੇ ਮਨਜ਼ੂਰ ਕੀਤੀ।
INDIA ਪਹਿਲੂ ਖ਼ਾਨ ਦੇ ਪੁੱਤਰਾਂ ਸਣੇ ਤਿੰਨ ਖ਼ਿਲਾਫ਼ ਚਾਰਜਸ਼ੀਟ