ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਇੱਥੇ ਛੇ ਵਿਕਟਾਂ ’ਤੇ 493 ਦੌੜਾਂ ਬਣਾ ਕੇ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਅਗਰਵਾਲ ਨੇ 329 ਗੇਂਦਾਂ ’ਤੇ 243 ਦੌੜਾਂ ਦੀ ਵੱਡੀ ਪਾਰੀ ਖੇਡੀ। ਉਸ ਨੇ 28 ਚੌਕੇ ਅਤੇ ਅੱਠ ਛੱਕੇ ਜੜਦਿਆਂ ਅਜਿੰਕਿਆ ਰਹਾਣੇ (86 ਦੌੜਾਂ) ਨਾਲ ਚੌਥੀ ਵਿਕਟ ਲਈ 190 ਦੌੜਾਂ ਦੀ ਵੱਡੀ ਭਾਈਵਾਲੀ ਵੀ ਕੀਤੀ। ਇਸ ਤੋਂ ਇਲਾਵਾ ਉਸ ਨੇ ਚੇਤੇਸ਼ਵਰ ਪੁਜਾਰਾ (54 ਦੌੜਾਂ) ਨਾਲ ਦੂਜੀ ਵਿਕਟ ਲਈ 91 ਅਤੇ ਰਵਿੰਦਰ ਜਡੇਜਾ (ਨਾਬਾਦ 60 ਦੌੜਾਂ) ਨਾਲ ਪੰਜਵੀਂ ਵਿਕਟ ਲਈ 123 ਦੌੜਾਂ ਜੋੜੀਆਂ।
ਕਪਤਾਨ ਵਿਰਾਟ ਕੋਹਲੀ ਖਾਤਾ ਖੋਲ੍ਹੇ ਬਿਨਾਂ ਹੀ ਪੈਵਿਲੀਅਨ ਪਰਤ ਗਿਆ। ਭਾਰਤ ਨੇ ਇਸ ਤਰ੍ਹਾਂ ਬੰਗਲਾਦੇਸ਼ ’ਤੇ 343 ਦੌੜਾਂ ਦੀ ਮਜ਼ਬੂਤ ਲੀਡ ਬਣਾ ਲਈ ਹੈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 150 ਦੌੜਾਂ ’ਤੇ ਢੇਰ ਹੋ ਗਈ ਸੀ। ਅਗਰਵਾਲ ਨੇ ਮੇਹਿਦੀ ਹਸਨ ਮਿਰਾਜ ਦੀ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ। ਉਸ ਨੇ ਆਪਣਾ ਪਹਿਲਾ ਦੂਹਰਾ ਸੈਂਕੜਾ ਇਸ ਸਾਲ ਅਕਤੂਬਰ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਵਿਸ਼ਾਖਾਪਟਨਮ ਵਿੱਚ ਮਾਰਿਆ ਸੀ। ਉਹ ਭਾਰਤ ਵੱਲੋਂ ਦੋ ਜਾਂ ਇਸ ਤੋਂ ਵੱਧ ਦੂਹਰੇ ਸੈਂਕੜੇ ਮਾਰਨ ਵਾਲਾ 12ਵਾਂ ਬੱਲੇਬਾਜ਼ ਬਣ ਗਿਆ ਹੈ। ਆਪਣਾ ਅੱਠਵਾਂ ਟੈਸਟ ਮੈਚ ਖੇਡ ਰਿਹਾ ਇਹ 28 ਸਾਲਾ ਸਲਾਮੀ ਬੱਲੇਬਾਜ਼ ਛੱਕਿਆਂ ਨਾਲ ਦੂਹਰਾ ਸੈਂਕੜਾ ਪੂਰਾ ਕਰਨ ਵਾਲਾ ਦੂਜਾ ਭਾਰਤੀ ਕ੍ਰਿਕਟਰ ਵੀ ਬਣ ਗਿਆ। ਰੋਹਿਤ ਸ਼ਰਮਾ ਨੇ ਦੱਖਣੀ ਅਫਰੀਕਾ ਖ਼ਿਲਾਫ਼ ਰਾਂਚੀ ਟੈਸਟ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਸੀ। ਅਗਰਵਾਲ ਜਦੋਂ 150 ਦੌੜਾਂ ’ਤੇ ਪਹੁੰਚਿਆ ਤਾਂ ਕੋਹਲੀ ਨੇ ਖ਼ੁਸ਼ ਹੋ ਕੇ ਉਸ ਨੂੰ ਦੋ ਉਂਗਲੀਆਂ ਵਿਖਾਈਆਂ, ਜਿਸ ਦਾ ਅਰਥ ਸੀ ਕਿ ਕ੍ਰੀਜ਼ ’ਤੇ ਡਟੇ ਰਹੋ ਅਤੇ ਫਿਰ ਦੂਹਰਾ ਸੈਂਕੜਾ ਜੜੋ। ਉਸ ਨੇ ਆਪਣੇ ਅੱਠ ਵਿੱਚੋਂ ਪੰਜ ਛੱਕੇ ਮੇਹਿਦੀ ਦੀਆਂ ਗੇਂਦਾਂ ’ਤੇ ਮਾਰੇ। ਅਖ਼ੀਰ ਵਿੱਚ ਉਸ ਨੂੰ ਮੇਹਿਦੀ ਹਸਨ ਨੇ ਹੀ ਆਊਟ ਕੀਤਾ।
Sports ਪਹਿਲਾ ਟੈਸਟ: ਮਯੰਕ ਦਾ ਦੂਹਰਾ ਸੈਂਕੜਾ; ਭਾਰਤ ਨੇ ਕਸਿਆ ਸ਼ਿਕੰਜਾ