ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਐਤਵਾਰ ਨੂੰ ਮੀਂਹ ਪੈਣ ਅਤੇ ਸ਼ਿਮਲਾ ਅਤੇ ਮਨਾਲੀ ’ਚ ਬਰਫ਼ਬਾਰੀ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਹਿਸਾਰ, ਰੋਹਤਕ, ਗੁਰੂਗ੍ਰਾਮ, ਫਰੀਦਾਬਾਦ ਅਤੇ ਭਿਵਾਨੀ ’ਚ ਮੀਂਹ ਪਿਆ। ਮੀਂਹ ਪੈਣ ਕਾਰਨ ਘੱਟੋ ਘੱਟ ਤਾਪਮਾਨ ਕੁਝ ਡਿਗਰੀ ਵੱਧ ਗਿਆ ਜਿਸ ਨਾਲ ਕੜਾਕੇ ਦੀ ਠੰਢ ਤੋਂ ਲੋਕਾਂ ਨੂੰ ਮਾਮੂਲੀ ਰਾਹਤ ਮਿਲੀ ਹੈ। ਉਧਰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਐਤਵਾਰ ਨੂੰ ਮੌਸਮ ਦੀ ਦੂਜੀ ਵਾਰ ਬਰਫ਼ ਪਈ। ਮੌਸਮ ਵਿਭਾਗ ਮੁਤਾਬਕ ਸੂਬੇ ਦੀਆਂ ਉੱਚੀਆਂ ਚੋਟੀਆਂ ’ਤ ਸ਼ਨਿਚਰਵਾਰ ਰਾਤ ਤੋਂ ਬਰਫ਼ ਪੈ ਰਹੀ ਹੈ ਜਿਸ ਕਾਰਨ ਖ਼ਿੱਤੇ ’ਚ ਸੀਤ ਹਵਾਵਾਂ ਨੇ ਜ਼ੋਰ ਫੜ ਲਿਆ ਹੈ। ਕੁੱਲੂ ਜ਼ਿਲ੍ਹੇ ਦੇ ਮਨਾਲੀ ’ਚ ਸ਼ਨਿਚਰਵਾਰ ਸ਼ਾਮ ਸਾਢੇ ਪੰਜ ਵਜੇ ਤੋਂ ਲੈ ਕੇ ਐਤਵਾਰ ਸਵੇਰੇ ਸਾਢੇ ਅੱਠ ਵਜੇ ਤਕ 9 ਸੈਂਟੀਮੀਟਰ ਬਰਫ਼ ਪਈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਕਬਾਇਲੀ ਜ਼ਿਲ੍ਹਿਆਂ ਲਾਹੌਲ ਸਪੀਤੀ ਦੇ ਪ੍ਰਸ਼ਾਸਕੀ ਕੇਂਦਰ ਕਿਲੌਂਗ ਅਤੇ ਕਿਨੌਰ ਦੇ ਕਲਪਾ ’ਚ 13 ਸੈਂਟੀਮੀਟਰ ਬਰਫ਼ ਪਈ। ਇਸ ਦੇ ਨਾਲ ਨਾਰਕੰਡਾ, ਕੁਫ਼ਰੀ ਅਤੇ ਸ਼ਿਮਲਾ ’ਚ ਵੀ ਹਲਕੀ ਬਰਫ਼ਬਾਰੀ ਹੋਈ। ਸ਼ਿਮਲਾ ’ਚ ਸਾਲ ਦੀ ਪਹਿਲੀ ਬਰਫ਼ਬਾਰੀ ਸਵੇਰੇ ਪੌਣੇ 11 ਵਜੇ ਤੋਂ ਦੁਪਹਿਰ ਬਾਅਦ ਤਿੰਨ ਵਜੇ ਤਕ ਹੋਈ ਜਿਸ ਨਾਲ ਸੈਲਾਨੀਆਂ, ਹੋਟਲ ਮਾਲਿਕਾਂ ਅਤੇ ਬਾਗਬਾਨਾਂ ਦੇ ਚਿਹਰੇ ਖਿੜ ਗਏ। ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਬੱਦਲ ਛਾਏ ਹੋਏ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੋਰ ਬਰਫ਼ ਪਏਗੀ। ਬਰਫ਼ਬਾਰੀ ਕਾਰਨ ਕਿਲੌਂਗ, ਕਲਪਾ, ਕੁਫ਼ਰੀ, ਡਲਹੌਜ਼ੀ ਅਤੇ ਮਨਾਲੀ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਕੇਲਾਂਗ ’ਚ ਪਾਰਾ ਮਨਫ਼ੀ 8.7 ਡਿਗਰੀ ਸੈਲਸੀਅਸ ਰਿਹਾ ਅਤੇ ਇਹ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ।
INDIA ਪਹਾੜਾਂ ’ਤੇ ਬਰਫ਼ ਅਤੇ ਮੈਦਾਨਾਂ ’ਚ ਮੀਂਹ ਨੇ ਵਧਾਈ ਠੰਢ