ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਡੇਅਰੀ ਫਾਰਮਰਾਂ ਨੂੰ ਫੀਡ ਅਤੇ ਦੂਸ਼ਿਤ ਚਾਰਾ ਸਪਲਾਈ ਕਰਨ ਦੇ ਦੋਸ਼ ਹੇਠ ਮੀਆਂ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਯੂਪੀ ਵਿੱਚ ਜਾ ਕੇ ਛੁਪ ਗਿਆ ਸੀ। ਥਾਣਾ ਸੋਹਾਣਾ ਦੇ ਐੱਸਐਚਓ ਰਾਜੇਸ਼ ਹਸਤੀਰ ਦੀ ਨਿਗਰਾਨੀ ਹੇਠ ਅਦਾਲਤ ਤੋਂ ਰਾਹਦਾਰੀ ਵਰੰਟ ਲੈ ਕੇ ਮੁਲਜ਼ਮ ਨੂੰ ਯੂਪੀ ’ਚੋਂ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਦਿਨਾਂ ਪਹਿਲਾਂ ਜ਼ਹਿਰੀਲਾ ਚਾਰਾ ਖਾਣ ਨਾਲ ਬਿਮਾਰ ਹੋ ਗਏ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਜਾਰੀ ਰਿਹਾ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਡੇਅਰੀ ਫਾਰਮਰ ਜਰਨੈਲ ਸਿੰਘ ਰਾਜੂ ਅਤੇ ਤਰਸੇਮ ਲਾਲ ਅਤੇ ਪਿੰਡ ਸਫੀਪੁਰ ਦੇ ਸਰਪੰਚ ਰਮਨਦੀਪ ਸਿੰਘ ਅਤੇ ਪਸ਼ੂ ਪਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਡੇਅਰੀ ਫਾਰਮ ਪਸ਼ੂਆਂ ਦੀ ਮੌਤ ਹੋ ਜਾਣ ਨਾਲ ਫਾਰਮ ਲਗਭਗ ਸੁੰਨੇ ਪਏ ਹਨ। ਹੁਣ ਤੱਕ ਤਿੰਨੇ ਡੇਅਰੀ ਫਾਰਮਾਂ ਵਿੱਚ ਕਰੀਬ 117 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਪੀੜਤਾਂ ਨੂੰ ਮੁਆਵਜ਼ਾ ਦੇਣ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
INDIA ਪਸ਼ੂਆਂ ਦੀ ਮੌਤ ਦਾ ਮਾਮਲਾ: ਦੂਸ਼ਿਤ ਚਾਰਾ ਸਪਲਾਈ ਕਰਨ ਵਾਲਾ ਮੁਲਜ਼ਮ ਕਾਬੂ