ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅੱਜ ਗੱਲਬਾਤ ਮਗਰੋਂ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਹੈ ਕਿ ਦੋਵੇਂ ਪਾਰਟੀਆਂ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਸੂਬੇ ਦੇ ਆਪਣੇ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਨਗੀਆਂ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਪਵਾਰ ਨੇ ਕਿਹਾ ਕਿ ਉਨ੍ਹਾਂ ਸੋਨੀਆ ਗਾਂਧੀ ਨੂੰ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ। ਇਸੇ ਦੌਰਾਨ ਸ਼ਿਵ ਸੈਨਾ ਆਗੂ ਸੰਜੇ ਰਾਓਤ ਨੇ ਅੱਜ ਇਥੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਰਾਓਤ ਨੇ ਮਗਰੋਂ ਕਿਹਾ ਕਿ ਉਹ ਛੇਤੀ ਹੀ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣਗੇ।
ਸ੍ਰੀ ਪਵਾਰ ਨੇ ਕਿਹਾ ,‘‘ਅਸੀਂ ਮਹਾਰਾਸ਼ਟਰ ’ਚ ਹਾਲਾਤ ’ਤੇ ਨਜ਼ਰ ਰੱਖਾਂਗੇ। ਕਾਂਗਰਸ ਅਤੇ ਐੱਨਸੀਪੀ ਆਗੂ ਭਵਿੱਖ ਦੀ ਰਣਨੀਤੀ ਬਣਾਉਣ ਲਈ ਅੱਗੇ ਹੋਰ ਗੱਲਬਾਤ ਕਰਨਗੇ।’’ ਦੋਵੇਂ ਆਗੂਆਂ ਵਿਚਕਾਰ ਕਰੀਬ 50 ਮਿੰਟ ਤੱਕ ਮੀਟਿੰਗ ਸੋਨੀਆ ਗਾਂਧੀ ਦੀ ਰਿਹਾਇਸ਼ 10, ਜਨਪਥ ’ਤੇ ਹੋਈ। ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕਰਕੇ ਸ਼ਰਦ ਪਵਾਰ ਅਤੇ ਕਾਂਗਰਸ ਪ੍ਰਧਾਨ ਵਿਚਕਾਰ ਮਹਾਰਾਸ਼ਟਰ ਦੇ ਮੁੱਦੇ ’ਤੇ ਬੈਠਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ,‘‘ਦੋਵੇਂ ਆਗੂਆਂ ਨੇ ਫ਼ੈਸਲਾ ਲਿਆ ਕਿ ਇਕ ਜਾਂ ਦੋ ਦਿਨਾਂ ਦੇ ਅੰਦਰ ਐੱਨਸੀਪੀ ਅਤੇ ਕਾਂਗਰਸ ਦੇ ਨੁਮਾਇੰਦੇ ਦਿੱਲੀ ’ਚ ਅੱਗੇ ਦਾ ਰਾਹ ਲੱਭਣ ਬਾਰੇ ਵਿਚਾਰ ਵਟਾਂਦਰਾ ਕਰਨਗੇ।’’
INDIA ਪਵਾਰ ਨੇ ਸੋਨੀਆ ਨੂੰ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ