ਨਵੀਂ ਦਿੱਲੀ (ਸਮਾਜਵੀਕਲੀ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਡਾਕਟਰ ਗੰਭੀਰ ਰੂਪ ਨਾਲ ਬਿਮਾਰ ਕਰੋਨਾਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਲਈ ਪਲਾਜ਼ਮਾ ਸੰਸ਼ੋਧਨ ਤਕਨੀਕ ਦੀ ਕਲੀਨਿਕਲ ਅਜਮਾਇਸ਼ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਜਮਾਇਸ਼ ਸਫ਼ਲ ਹੁੰਦੀ ਹੈ ਤਾਂ ਗੰਭੀਰ ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਯੋਗ ਹੋਵਾਂਗੇ।
ਉਨ੍ਹਾਂ ਕਿਹਾ ਕਿ ਪਲਾਜ਼ਮਾ ਤਕਨੀਕ ਤਹਿਤ ਐਂਟੀਬਾਡੀਜ਼ ਜਿਹੜੀਆਂ ਕੋਵਿਡ-19 ਮਰੀਜ਼ਾਂ ਦੇ ਖੂਨ ਵਿਚੋਂ ਲਈਆਂ ਜਾਂਦੀਆਂ ਹਨ ਨੂੰ ਗੰਭੀਰ ਰੂਪ ਵਿਚ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮਾਰਚ ਦੇ ਆਖਰੀ ਹਫ਼ਤੇ ਤੇ ਅਪਰੈਲ ਦੇ ਪਹਿਲੇ ਹਫ਼ਤੇ ਹਸਪਤਾਲਾਂ ਵਿੱਚ ਦਾਖਲ ਹੋਏ ਕਈ ਕੋਵਿਡ-19 ਮਰੀਜ਼ਾਂ ਦੀ ਹਾਲਤ ਵਿੱਚ ਕਈਆਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਵਿਚੋਂ ਅਗਲੇ ਤਿੰਨ-ਚਾਰ ਦਿਨਾਂ ਵਿਚ ਛੁੱਟੀ ਕਰ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸਮੂਹਕ ਯਤਨਾਂ ਨਾਲ ਦਿੱਲੀ ਵਿੱਚ ਕਰੋਨਵਾਇਰਸ ਰੱਖਣ ਦੇ ਯੋਗ ਹੋਵਾਂਗੇ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ 15 ਲੱਖ ਲੋਕਾਂ ਨੇ ਰਾਸ਼ਨ ਕਾਰਡਾਂ ਲਈ ਅਰਜ਼ੀ ਦਿੱਤੀ ਹੈ ਅਤੇ ਦਿੱਲੀ ਸਰਕਾਰ ਹਰ ਰੋਜ਼ 10 ਲੱਖ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਪਰਸੋਂ ਸ਼ਾਮ ਨੂੰ ਪੱਤਰ ਲਿਖ ਕੇ ਇਸ ਤਰ੍ਹਾਂ ਦੇ ਇਲਾਜ ਦੀ ਮਨਜ਼ੂਰੀ ਮੰਗੀ ਸੀ।
ਉਨ੍ਹਾਂ ਕਿਹਾ ਕਿ ਸਮਾਜਕ ਦੂਰੀਆਂ ਕਾਇਮ ਰੱਖੀਆਂ ਜਾਣ ਤੇ ਕਿਸੇ ਨੂੰ ਵੀ ਕੋਈ ਵਿਅਕਤੀ ਬੇਘਰ ਜਾਂ ਭੁੱਖਾ ਮਿਲਦਾ ਹੈ ਉਸ ਬਾਰੇ ਦਿੱਲੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਬੀਤੇ ਦਿਨ ਯਮੁਨਾ ਘਾਟ ਵਿਖੇ ਇਕੱਠੇ ਹੋਏ ਸੈਂਕੜੇ ਲੋੜਬੰਦਾਂ ਲਈ ਖਾਣੇ ਤੇ ਰਹਿਣ ਦੇ ਪ੍ਰਬੰਧ ਬਾਰੇ ਵੀ ਦੱਸਿਆ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਮਜ਼ਦੂਰਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਭੇਜਿਆ ਗਿਆ ਸੀ ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।