ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ (63) ਦਾ ਅੱਜ ਪੂਰੇ ਰਾਜਕੀ ਤੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਇਥੇ ਮੀਰਾਮਰ ਬੀਚ ਵਿਖੇ ਧਾਰਮਿਕ ਰਹੁ-ਰੀਤਾਂ ਨਾਲ ਕੀਤੀਆਂ ਅੰਤਿਮ ਰਸਮਾਂ ਮੌਕੇ ਹਾਜ਼ਰ ਸਨ। ਪਰੀਕਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤ ਉਤਪਲ ਨੇ ਵਿਖਾਈ। ਸ੍ਰੀ ਪਰੀਕਰ ਦਾ ਲੰਘੇ ਦਿਨ ਆਪਣੀ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਇਕ ਸਾਲ ਤੋਂ ਪਾਚਕ ਗ੍ਰੰਥੀਆਂ ਦੇ ਕੈਂਸਰ ਨਾਲ ਜੂਝ ਰਹੇ ਸਨ। ਇਸ ਦੌਰਾਨ ਕੇਂਦਰੀ ਕੈਬਨਿਟ ਨੇ ਅੱਜ ਦਿੱਲੀ ਵਿੱਚ ਮੀਟਿੰਗ ਕਰਕੇ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ’ਤੇ ਸ਼ੋਕ ਜਤਾਉਂਦਿਆ ਦੋ ਮਿੰਟ ਦਾ ਮੌਨ ਰੱਖਿਆ। ਕੈਬਨਿਟ ਨੇ ਸ੍ਰੀ ਪਰੀਕਰ ਨੂੰ ਉਨ੍ਹਾਂ ਦੀ ਸਾਦਗੀ ਤੇ ਅਸਾਧਾਰਨ ਪ੍ਰਸ਼ਾਸਕੀ ਯੋਗਤਾਵਾਂ ਲਈ ਯਾਦ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਲੀ ਰਾਜ ਵਿੱਚ ਪੁੱਜਣ ਸਾਰ ਕਲਾ ਅਕੈਡਮੀ ਪੁੱਜੇ, ਜਿੱਥੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਸ੍ਰੀ ਪਰੀਕਰ ਨੂੰ ਸ਼ਰਧਾਂਜਲੀ ਦੇਣ ਮਗਰੋਂ ਉਨ੍ਹਾਂ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਵੀ ਪਰੀਕਰ ਪਰਿਵਾਰ ਨੂੰ ਮਿਲੇ ਤੇ ਦੁੱਖ ਵੰਡਾਇਆ। ਅੱਜ ਸਵੇਰੇ ਸ੍ਰੀ ਪਰੀਕਰ ਦੀ ਦੇਹ ਨੂੰ ਪਹਿਲਾਂ ਇਥੇ ਭਾਜਪਾ ਦਫ਼ਤਰ ਵਿੱਚ ਰੱਖਿਆ ਗਿਆ, ਜੋ ਕਲਾ ਭਵਨ ਤੋਂ ਮਹਿਜ਼ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸੀ। ਮਗਰੋਂ ਮ੍ਰਿਤਕ ਦੇਹ ਨੂੰ ਕਲਾ ਅਕੈਡਮੀ ’ਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਸੈਂਕੜੇ ਲੋਕਾਂ, ਜਿਨ੍ਹਾਂ ਵਿੱਚ ਆਮ ਆਦਮੀਆਂ ਤੋਂ ਇਲਾਵਾ ਪਾਰਟੀ ਵਰਕਰ ਸ਼ਾਮਲ ਸਨ, ਨੇ ਕਤਾਰਾਂ ਵਿੱਚ ਘੰਟਿਆਂਬੱਧੀ ਉਡੀਕ ਕਰਕੇ ਆਪਣੇ ਮਹਿਬੂਬ ਆਗੂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪਰੀਕਰ ਦੀ ਅੰਤਿਮ ਯਾਤਰਾ ਚਾਰ ਵਜੇ ਦੇ ਕਰੀਬ ਕਲਾ ਅਕੈਡਮੀ ਤੋਂ ਸ਼ੁਰੂ ਹੋਈ। ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਮੀਰਾਮਰ ਬੀਚ ਤਕ ਲਿਜਾਇਆ ਗਿਆ। ਪੂਰੇ ਫ਼ੌਜੀ ਸਨਮਾਨਾਂ ਤੇ ਧਾਰਮਿਕ ਰਹੁ-ਰੀਤਾਂ ਮਗਰੋਂ ਪੰਜ ਵਜੇ ਦੇ ਕਰੀਬ ਪਰੀਕਰ ਦੇ ਵੱਡੇ ਪੁੱਤ ਉਤਪਲ ਨੇ ਦੇਹ ਨੂੰ ਅਗਨੀ ਵਿਖਾਈ। ਗੋਆ ਦੇ ਪਹਿਲੇ ਮੁੱਖ ਮੰਤਰੀ ਦਯਾਨੰਦ ਬੰਨਡੋਡਕਰ ਦਾ ਸਸਕਾਰ ਵੀ ਇਥੇ ਹੀ ਕੀਤਾ ਗਿਆ ਸੀ।
HOME ਪਰੀਕਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ