ਜਲਾਲਾਬਾਦ- ਲਗਾਤਾਰ ਵਧ ਰਿਹਾ ਪ੍ਰਦੂਸ਼ਣ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਜਾਰੀ ਕੀਤੀ ਗਈ 239 ਕਰੋੜ ਰੁਪਏ ਦੀ ਰਾਸ਼ੀ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਣ ਦਾ ਮਾਮਲੇ ਸਾਹਮਣੇ ਆਏ ਹਨ। ਜਲਾਲਾਬਾਦ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਕਾਰਨ ਲੱਖਾਂ ਰੁਪਏ ਦੀ ਰਾਸ਼ੀ ਅਜਿਹੇ ਲੋਕ ਲੈ ਗਏ ਹਨ, ਜਿਨ੍ਹਾਂ ਕੋਲ ਜ਼ਮੀਨ ਦਾ ਇਕ ਕਿੱਲਾ ਵੀ ਨਹੀਂ ਹੈ। ਅਜਿਹੇ ਵਿੱਚ ਜ਼ਿਆਦਾਤਰ ਉਹ ਕਿਸਾਨ ਰਾਸ਼ੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ, ਜਿਨ੍ਹਾਂ ਨੇ ਪਰਾਲੀ ਨਾ ਸਾੜ ਕੇ ਸਰਕਾਰ ਨੂੰ ਸਹਿਯੋਗ ਦਿੱਤਾ ਹੈ।
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਕਤ ਸਰਕਾਰੀ ਰਾਸ਼ੀ ਵਿੱਚੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਪ੍ਰੰਤੂ ਸੈਂਕੜੇ ਲੋਕ ਲੱਖਾਂ ਰੁਪਏ ਬਿਨਾਂ ਕਾਰਨ ਹੀ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿਰਫ ਗੈਰ-ਬਾਸਮਤੀ ਬੀਜਣ ਵਾਲੇ ਕਿਸਾਨਾਂ ਲਈ ਪਰਾਲੀ ਨਾ ਸਾੜਨ ’ਤੇ ਸਹਿਯੋਗ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਪਿਛਲੇ ਦੋ ਦਿਨਾਂ ਤੋਂ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਵਿੱਚ ਸਹੀ ਪ੍ਰਕਿਰਿਆ ਤੋਂ ਹਟ ਕੇ ਇਹ ਰਾਸ਼ੀ ਆਨਲਾਈਨ ਫਾਰਮ ਭਰਨ ਵਾਲਿਆਂ ਜ਼ਰੀਏ ਬੇਜ਼ਮੀਨੇ ਲੋਕਾਂ ਦੇ ਖਾਤਿਆਂ ਵਿੱਚ ਆ ਰਹੀ ਹੈ, ਜਿਸ ਕਾਰਨ ਸਹੀ ਕਿਸਾਨ ਵਾਂਝੇ ਰਹਿ ਰਹੇ ਹਨ। ਕਿਸਾਨ ਜਨਕ ਰਾਜ, ਬਲਵਿੰਦਰ ਕੁਮਾਰ, ਸੰਜੀਵ ਕੁਮਾਰ ਦਹੂਜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਅਨੇਕ ਬੇਜ਼ਮੀਨੇ ਲੋਕਾਂ ਦੇ ਆਨਲਾਈਨ ਅਪਲਾਈ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਖਾਤਿਆਂ ਵਿੱਚ ਹਜ਼ਾਰਾਂ ਰੁਪਏ ਜਮ੍ਹਾਂ ਹੋ ਗਏ ਹਨ।
ਕਿਸਾਨਾਂ ਦੀ ਸ਼ਿਕਾਇਤ ਬਾਰੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੂੰ ਆਦੇਸ਼ ਦਿੱਤੇ ਕਿ ਆਨਲਾਈਨ ਫਾਰਮ ਭਰਨ ਵਾਲੀਆਂ ਦੁਕਾਨਾਂ ’ਤੇ ਜਿੱਥੇ ਨਾਜਾਇਜ਼ ਤੌਰ ’ਤੇ ਸਰਕਾਰੀ ਫਾਰਮ ਭਰੇ ਜਾ ਰਹੇ ਹਨ, ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੇ ਆਨਲਾਈਨ ਫਾਰਮ ਭਰਨ ਵਾਲੀਆਂ ਵੱਖ-ਵੱਖ ਦੁਕਾਨਾਂ ’ਤੇ ਛਾਪੇ ਮਾਰੇ ਅਤੇ ਫਾਰਮ ਭਰਨ ਵਾਲਿਆਂ ਦੇ ਕੰਪਿਊਟਰ ਜ਼ਬਤ ਕੀਤੇ। ਅਜਿਹਾ ਹੋਣ ਨਾਲ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ। ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਾਜਾਇਜ਼ ਢੰਗ ਨਾਲ ਸਰਕਾਰੀ ਪੈਸੇ ਲਏ ਹਨ ਜਾਂ ਜੋ ਲੋਕ ਪੈਸੇ ਦਿਵਾਉਣ ਲਈ ਦੋਸ਼ੀ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਾਜਾਇਜ਼ ਢੰਗ ਨਾਲ ਸਰਕਾਰੀ ਪੈਸੇ ਲਏ ਹਨ ਜਾਂ ਜੋ ਲੋਕ ਪੈਸੇ ਦਿਵਾਉਣ ਲਈ ਦੋਸ਼ੀ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਸਿਟੀ ਮੁਖੀ ਲੇਖ ਰਾਜ ਬੱਟੀ ਨੇ ਦੱਸਿਆ ਕਿ ਆਨਲਾਈਨ ਫਾਰਮ ਭਰਨ ਵਾਲਿਆਂ ਦੇ ਕੰਪਿਊਟਰ ਜ਼ਬਤ ਕਰ ਲਏ ਹਨ ਅਤੇ ਆਪਣੀ ਤਕਨੀਕੀ ਟੀਮ ਨੂੰ ਜ਼ਬਤ ਕੀਤੇ ਕੰਪਿਊਟਰ ਜਾਂਚ ਲਈ ਭੇਜ ਦਿੱਤੇ ਗਏ ਹਨ। ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
INDIA ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਆਏ ਲੱਖਾਂ ਰੁਪਏ ਲੈ ਗਏ ਬੇਜ਼ਮੀਨੇ