ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਕਾਰਵਾਈ ਕਰਨ ਪਹੁੰਚੇ ਅਧਿਕਾਰੀਆਂ ਦਾ ਅੱਜ ਭੋਤਨਾ ਵਿੱਚ ਕਿਸਾਨ ਯੂਨੀਅਨ ਵਲੋਂ ਘਿਰਾਓ ਕੀਤਾ ਗਿਆ। ਕਿਸਾਨ, ਜਥੇਬੰਦੀ ਦੇ ਝੰਡੇ ਲੈ ਕੇ ਅਧਿਕਾਰੀਆਂ ਦੀ ਗੱਡੀ ਅੱਗੇ ਬੈਠ ਗਏ ਅਤੇ ਸਰਕਾਰ, ਪ੍ਰਸ਼ਾਸਨ ਤੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਭਾਕਿਊ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ, ਸੰਦੀਪ ਸਿੰਘ ਚੀਮਾ ਅਤੇ ਬਿੰਦਰ ਭੋਤਨਾ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਲਈ ਤਾਂ ਆਖ ਰਹੀਆਂ ਹਨ, ਪਰ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੋਈ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਹੋਈ ਹੈ ਅਤੇ ਪਰਾਲੀ ਦੀ ਸੰਭਾਲ ਲਈ ਪ੍ਰਤੀ ਏਕੜ ਘੱਟੋ ਘੱਟ 5 ਹਜ਼ਾਰ ਖ਼ਰਚਾ ਆ ਰਿਹਾ ਹੈ ਜਿਸ ਦਾ ਬੋਝ ਚੁੱਕਣ ਤੋਂ ਕਿਸਾਨ ਅਸਮਰੱਥ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖ਼ੁਦ ਨਹੀਂ ਚਾਹੁੰਦੇ ਕਿ ਪਰਾਲੀ ਨੂੰ ਅੱਗ ਲਗਾ ਕੇ ਧੂੰਏਂ ਦਾ ਪ੍ਰਦੂਸ਼ਣ ਪੈਦਾ ਕਰਨ, ਪਰ ਉਹ ਮਜਬੂਰ ਹਨ। ਸਰਕਾਰਾਂ ਕਿਸਾਨਾਂ ਦੀ ਮਜਬੂਰੀ ਨੂੰ ਸਮਝ ਨਹੀਂ ਰਹੀਆਂ। ਇਸ ਪ੍ਰਦੂਸ਼ਣ ਨੂੰ ਰੋਕਣ ਦਾ ਹੱਲ ਇਹ ਹੈ ਕਿ ਜਾਂ ਤਾਂ ਸਰਕਾਰ ਬਾਸਮਤੀ ਦਾ ਪੱਕਾ ਭਾਅ ਤੈਅ ਕਰ ਦੇਵੇ ਅਤੇ ਕਿਸਾਨ ਝੋਨਾ ਲਗਾਉਣਾ ਬੰਦ ਕਰ ਦੇਣਗੇ ਜਾਂ ਸਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਅਤੇ ਡੀਜ਼ਲ ‘ਤੇ 50 ਫ਼ੀਸਦੀ ਸਬਸਿਡੀ ਦੇਵੇ ਜਿਸ ਨਾਲ ਪਰਾਲੀ ਦੀ ਸੰਭਾਲ ਹੋ ਸਕੇ। ਗ੍ਰੀਨ ਟ੍ਰਿਬਿਊਨਲ ਵਲੋਂ ਦਿੱਤੀਆਂ ਹਦਾਇਤਾਂ ਦੀ ਵੀ ਪੰਜਾਬ ਸਰਕਾਰ ਕੋਈ ਪਾਲਣਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਅਧਿਕਾਰੀ ਕਾਰਵਾਈ ਕਰਨ ਪਹੁੰਚੇ ਤਾਂ ਉਨ੍ਹਾਂ ਦਾ ਹਰ ਜਗ੍ਹਾ ਘਿਰਾਓ ਕੀਤਾ ਜਾਵੇਗਾ।
ਇਸ ਸਬੰਧੀ ਜੇਈ ਜਗਜੀਤ ਸਿੰਘ ਅਤੇ ਪਟਵਾਰੀ ਜਤਿੰਦਰ ਸਿੰਘ ਨੇ ਕਿਹਾ ਕਿ ਉਚ ਅਧਿਕਾਰੀਆਂ ਵਲੋਂ ਭੋਤਨਾ ’ਚ ਅੱਗ ਲਗਾਉਣ ਦੇ ਸੈਟੇਲਾਈਟ ਰਾਹੀਂ ਸੰਕੇਤ ਮਿਲੇ ਸਨ ਜਿਸ ਤੋਂ ਬਾਅਦ ਉਹ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਹੀ ਭੋਤਨਾ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਕਾਰਵਾਈ ਉਚ ਅਧਿਕਾਰੀਆਂ ਵਲੋਂ ਹੀ ਕੀਤੀ ਜਾਂਦੀ ਹੈ। ਕਰੀਬ ਦੋ ਘੰਟੇ ਬਾਅਦ ਕਿਸਾਨਾਂ ਨੂੰ ਕਾਰਵਾਈ ਨਾ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਅਧਿਕਾਰੀ ਨੂੰ ਜਾਣ ਦਿੱਤਾ ਗਿਆ।
INDIA ਪਰਾਲੀ: ਕਿਸਾਨਾਂ ’ਤੇ ਕਾਰਵਾਈ ਕਰਨ ਪਹੁੰਚੇ ਅਧਿਕਾਰੀ ਘੇਰੇ