ਉੱਘੇ ਲੇਖਕ ਅਮਿਤਾਵ ਘੋਸ਼ ਨੇ ਕਿਹਾ ਹੈ ਕਿ ਪਰਵਾਸ ਨੈੱਟਵਰਕ ਅਰਬਾਂ ਡਾਲਰ ਦੀ ਸਨਅਤ ਬਣ ਗਿਆ ਹੈ ਅਤੇ ਯੂਰੋਪ, ਅਫ਼ਰੀਕਾ ਅਤੇ ਏਸ਼ੀਆ ’ਚ ਜਥੇਬੰਦੀਆਂ ਇਸ ਨਾਲ ਜੁੜੀਆਂ ਹੋਈਆਂ ਹਨ। ਸ੍ਰੀ ਘੋਸ਼ ਇਸ ਵਿਸ਼ੇ ਨੂੰ ਆਪਣੀਆਂ ਕਈ ਕਿਤਾਬਾਂ ’ਚ ਉਭਾਰ ਚੁੱਕੇ ਹਨ ਜਿਸ ’ਚ ਨਵੀਂ ਕਿਤਾਬ ‘ਗੰਨ ਆਈਲੈਂਡ’ ਵੀ ਸ਼ਾਮਲ ਹੈ। ਉਨ੍ਹਾਂ ਮੁਤਾਬਕ ਪਰਵਾਸ ਇੰਨੇ ਵੱਡੇ ਪੱਧਰ ’ਤੇ ਹੋ ਰਿਹਾ ਹੈ ਕਿ ਇਸ ’ਤੇ ਕਾਬੂ ਪਾਉਣਾ ਅਸੰਭਵ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ‘ਗੰਨ ਆਈਲੈਂਡ’ ਨਾਵਲ ਲਿਖਣ ਦੀ ਪ੍ਰੇਰਣਾ ਉਨ੍ਹਾਂ ਨੂੰ 2014-16 ਦੇ ਯੂਰੋਪੀਅਨ ਸ਼ਰਨਾਰਥੀ ਸੰਕਟ ਤੋਂ ਮਿਲੀ। ਸ੍ਰੀ ਘੋਸ਼ ਨੇ ਕਿਹਾ,‘‘ਲਿਬੀਆ, ਟਿਊਨਿਸ਼ੀਆ ਅਤੇ ਮਿਸਰ ਦੇ ਜ਼ਿਆਦਾਤਰ ਲੋਕਾਂ ਨਾਲ ਮੇਰਾ ਰਾਬਤਾ ਕਾਇਮ ਹੋਇਆ। ਇਨ੍ਹਾਂ ਮੁਲਕਾਂ ’ਚ ਮੈਂ ਸਮਾਂ ਬਿਤਾਇਆ ਸੀ। ਮੈਂ ਇਸ ਸੰਕਟ ਨੂੰ ਦੇਖ ਕੇ ਹੈਰਾਨ ਰਹਿ ਗਿਆ। ਮੈਂ ਅਖ਼ਬਾਰਾਂ ਦੇ ਪਹਿਲੇ ਪੰਨਿਆਂ ’ਤੇ ਪ੍ਰਕਾਸ਼ਤ ਤਸਵੀਰਾਂ ਨੂੰ ਦੇਖਣਾ ਸ਼ੁਰੂ ਕੀਤਾ। ਕਿਸ਼ਤੀਆਂ ’ਚ ਕਈ ਦੱਖਣ ਏਸ਼ਿਆਈ ਚਿਹਰੇ ਸ਼ਾਮਲ ਸਨ।’’
ਉਨ੍ਹਾਂ ਕਿਹਾ ਕਿ ਭੂਮੱਧਸਾਗਰ ਨੂੰ ਪਾਰ ਕਰਨ ਵਾਲੇ ਸ਼ਰਨਾਰਥੀਆਂ ’ਚ ਸਭ ਤੋਂ ਵੱਡਾ ਗਰੁੱਪ ਬੰਗਲਾਦੇਸ਼ ਦਾ ਸੀ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਇਟਲੀ ਦੇ ਕਈ ਸ਼ਰਨਾਰਥੀ ਕੈਂਪਾਂ ’ਚ ਵੀ ਗਏ ਜਿਥੇ ਪਰਵਾਸੀਆਂ ਅਤੇ ਸ਼ਰਨਾਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨਾਲ ਗੱਲ ਕਰਕੇ ਲੰਬੇ ਅਤੇ ਖ਼ਤਰਨਾਕ ਸਫ਼ਰ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਿਛਲੇ ਹਫ਼ਤੇ ਗਿਆਨਪੀਠ ਪੁਰਸਕਾਰ ਨਾਲ ਸਨਮਾਨੇ ਗਏ ਸ੍ਰੀ ਘੋਸ਼ ਨੇ ਕਿਹਾ ਕਿ ਇਟਲੀ ਅੰਦਰ ਕਈ ਲੋਕ ਗ਼ੈਰ ਸਰਕਾਰੀ ਜਥੇਬੰਦੀਆਂ ’ਚ ਕੰਮ ਕਰਕੇ ਪਰਵਾਸੀਆਂ ਦੀ ਸਹਾਇਤਾ ਕਰਦੇ ਹਨ।
ਉਨ੍ਹਾਂ ਪਾਲੇਰਮੋ ਸ਼ਹਿਰ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਥੇ ਕੁਝ ਮਸਜਿਦਾਂ, ਦੋ ਮੰਦਰ ਅਤੇ ਕੁਝ ਹੋਰ ਧਾਰਿਮਕ ਅਸਥਾਨ ਉਚੇਚੇ ਤੌਰ ’ਤੇ ਉਸਾਰੇ ਗਏ ਹਨ ਜਿਸ ਕਾਰਨ ਸ਼ਹਿਰਾਂ ਦੀ ਬਣਤਰ ਬਦਲਦੀ ਜਾ ਰਹੀ ਹੈ। ‘ਜੇਕਰ ਪਾਲੇਰਮੋ ਸ਼ਹਿਰ ਦੇ ਪੁਰਾਣੇ ਹਿੱਸੇ ’ਚੋਂ ਗੁਜ਼ਰੋ ਤਾਂ ਉਥੇ ਬੰਗਾਲੀ ਭੋਜਨ ਪਕਾਏ ਜਾਣ ਦੀ ਖ਼ੁਸ਼ਬੋ ਆਉਂਦੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ’ਚ ਵੀ ਲੰਬੇ ਸਮੇਂ ਤੋਂ ਪਰਵਾਸ ਅਹਿਮ ਮੁੱਦਾ ਹੈ ਅਤੇ ਪੂਰਬ ’ਚ ਤਾਂ ਇਹ ਮੁੱਦਾ ਉਚੇਚੇ ਤੌਰ ’ਤੇ ਗਰਮਾਇਆ ਹੋਇਆ ਹੈ।
INDIA ਪਰਵਾਸ ਅਰਬਾਂ ਡਾਲਰ ਦੀ ਸਨਅਤ: ਅਮਿਤਾਵ ਘੋਸ਼