(ਸਮਾਜਵੀਕਲੀ) : ਪੱਛਮੀ ਬੰਗਾਲ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਕਲਿਆਣਕਾਰੀ ਨੀਤੀਆਂ ਦਾ ਕਥਿਤ ਵਿਰੋਧ ਕਰਨ ਕਰਕੇ ਟੀਐੱਮਸੀ ਦੇ ਪ੍ਰਬੰਧਾਂ ਦੀ ਨਿਖੇਧੀ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸੂਬੇ ਨੂੰ ‘ਗ਼ਰੀਬ ਕਲਿਆਣ ਰੁਜ਼ਗਾਰ ਅਭਿਆਨ’ ਦਾ ਲਾਭਪਾਤਰੀ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਸ ਵੱਲੋਂ ਪਰਵਾਸੀ ਮਜ਼ਦੂਰਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ।
ਪੱਛਮੀ ਬੰਗਾਲ ਦੇ ਲੋਕਾਂ ਲਈ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੂਬੇ ਵਿੱਚ ਸ਼੍ਰਮਿਕ ਸਪੈਸ਼ਲ ਟਰੇਨ ਸਰਵਿਸਿਜ਼ ਲਈ ਆਗਿਆ ਨਾ ਦੇਣ ਕਾਰਨ ਵੀ ਨਿਖੇਧੀ ਕੀਤੀ। ਸੀਨੀਅਰ ਟੀਐੱਮਸੀ ਆਗੂਆਂ ਨੇ ਹਾਲ ਹੀ ਵਿੱਚ ਬੰਗਾਲ ਨੂੰ ‘ਗ਼ਰੀਬ ਕਲਿਆਣ ਯੋਜਨਾ’ ਦਾ ਹਿੱਸਾ ਨਾ ਬਣਾਉਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ।