ਨਵੀਂ ਆਬਾਦੀ ਮੁਹੱਲਾ ’ਚ ਰਹਿੰਦੇ ਇਕ ਪਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ ਲੱਗ ਜਾਣ ’ਤੇ ਉਸ ਵਿੱਚ ਸੁੱਤੇ ਪਏ ਤਿੰਨ ਬੱਚੇ ਝੁਲਸ ਗਏ। ਪੰਜ ਸਾਲਾ ਇਕ ਬੱਚੇ ਸ਼ਿਵਮ ਦੀ ਮੌਕੇ ’ਤੇ ਹੀ ਅਤੇ ਤਿੰਨ ਸਾਲ ਦੇ ਲੜਕੇ ਦੀ ਪੀਜੀਆਈ. ਚੰਡੀਗੜ੍ਹ ਨੂੰ ਲਿਜਾਂਦਿਆਂ ਰਸਤੇ ’ਚ ਮੌਤ ਹੋ ਗਈ। ਬੁਰੀ ਤਰ੍ਹਾਂ ਝੁਲਸੀ ਦੋ ਸਾਲਾ ਬੱਚੀ ਨੂੰ ਪੀਜੀਆਈ, ਚੰਡੀਗੜ੍ਹ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦਾ ਵਾਸੀ ਰਾਜ ਕੁਮਾਰ ਜੋ ਰਾਜ ਮਿਸਤਰੀ ਹੈ, ਦਿਹਾੜੀ ’ਤੇ ਗਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਆਪਣੇ ਬੱਚਿਆਂ ਨੂੰ ਝੁੱਗੀ ’ਚ ਸੁੱਤੇ ਛੱਡ ਕੇ ਲੱਕੜੀਆਂ ਲੈਣ ਗਈ ਹੋਈ ਸੀ। ਇਸ ਦੌਰਾਨ, ਦੁਪਹਿਰ ਕਰੀਬ ਢਾਈ ਵਜੇ ਅਚਾਨਕ ਝੁੱਗੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮੱਚਣੇ ਸ਼ੁਰੂ ਹੋ ਗਏ ਤੇ ਆਸ-ਪਾਸ ਦੇ ਲੋਕਾਂ ਨੇ ਮੋਟਰ ਚਲਾ ਕੇ ਪਾਣੀ ਦਾ ਪ੍ਰਬੰਧ ਕੀਤਾ ਤੇ ਅੱਗ ’ਤੇ ਕਾਬੂ ਪਾਇਆ। ਮੁਹੱਲਾ ਵਾਸੀਆਂ ਨੇ ਤੁਰੰਤ ਹਾਦਸੇ ’ਚ ਜ਼ਖਮੀ ਹੋਏ ਲੜਕੇ ਵਿਰਾਜ ਤੇ ਦੋ ਸਾਲ ਦੀ ਬੱਚੀ ਰੋਸ਼ਨ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚਾਇਆ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਗੰਭੀਰ ਹਾਲਤ ’ਚ ਹਸਪਤਾਲ ਪਹੁੰਚੇ ਦੋਵੇਂ ਬੱਚੇ 100 ਫੀਸਦ ਜਲ ਚੁੱਕੇ ਸਨ ਤੇ ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਪੀਜੀਆਈ, ਚੰਡੀਗੜ੍ਹ ਲਈ ਹਸਪਤਾਲ ਦੀ ਐਂਬੂਲੈਂਸ ਰਾਹੀਂ ਭੇਜ ਦਿੱਤਾ ਗਿਆ। ਨੂਰਪੁਰ ਬੇਦੀ ਦੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਤੇ ਥਾਣਾ ਮੁਖੀ ਰਾਜੀਵ ਚੌਧਰੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਦੀ ਕਮਜ਼ੋਰ ਮਾਲੀ ਹਾਲਤ ਨੂੰ ਦੇਖਦਿਆਂ ਯੋਗ ਆਰਥਿਕ ਸਹਾਇਤਾ ਦੇਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਬਣਾ ਕੇ ਭੇਜੀ ਜਾ ਰਹੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਤੇ ਥਾਣਾ ਮੁਖੀ ਰਾਜੀਵ ਚੌਧਰੀ ਨੇ ਆਪਣੀ ਤਰਫ਼ੋਂ ਪਰਿਵਾਰ ਨੂੰ ਮੌਕੇ ਹੀ 5-5 ਹਜ਼ਾਰ ਰੁਪਏ ਦਿੱਤੇ ਜਦਕਿ ਮੁਹੱਲਾ ਨਿਵਾਸੀਆਂ ਵੱਲੋਂ ਵੀ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਰਹੀ ਸੀ।
INDIA ਪਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅੱਗ ਲੱਗਣ ਨਾਲ ਤਿੰਨ ਬੱਚੇ ਸੜੇ