ਨੂਰਪੁਰ ਬੇਦੀ (ਸਮਾਜਵੀਕਲੀ) : ਇਥੋਂ 12 ਕਿਲੋਮੀਟਰ ਦੂਰ ਕਲਵਾਂ ਮੌੜ ਪੁਲੀਸ ਚੌਕੀ ਅਧੀਨ ਆਉਂਦੇ ਪਿੰਡ ਸੁਆੜਾ ਸਥਿਤ ਭਿੰਡਰ ਫਾਰਮ ’ਤੇ ਦੇਰ ਰਾਤ ਪਰਵਾਸੀ ਮਜ਼ਦੂਰ ਨੇ ਕਥਿਤ ਸੁੱਤੇ ਪਏ ਤਿੰਨ ਵਿਅਕਤੀਆਂ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਉਕਤ ਫਾਰਮ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਦਾ ਦੱਸਿਆ ਜਾਂਦਾ ਹੈ। ਮ੍ਰਿਤਕਾਂ ਦੀ ਪਛਾਣ ਕੇਸਰ ਸਿੰਘ (50) ਵਾਸੀ ਪਿੰਡ ਭਨੂੰਹਾਂ (ਨੂਰਪੁਰ ਬੇਦੀ) ਅਤੇ ਰਾਮੂ (50) ਤੇ ਸ਼ੰਕਰ (55) ਵਾਸੀ ਬਾਗਾ ਬਿਹਾਰ ਵਜੋਂ ਹੋਈ ਹੈ। ਫ਼ਰਾਰ ਦੋਸ਼ੀ ਦੀ ਪਛਾਣ ਪਰਵਾਸੀ ਮਜ਼ਦੂਰ ਸੁਖਦੇਵ ਸਿੰਘ (30) ਵਾਸੀ ਬਾਗਾ ਬਿਹਾਰ ਵਜੋਂ ਦੱਸੀ ਗਈ ਹੈ। ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਫਾਰਮ ’ਤੇ ਰਹਿੰਦੇ ਮਜ਼ਦੂਰਾਂ ਨੂੰ ਜਦੋਂ ਰਾਤ ਨੂੰ ਫੋਨ ਕੀਤਾ ਤਾਂ ਉਥੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਉਨ੍ਹਾਂ ਆਪਣੇ ਸਟੋਨ ਕਰੱਸ਼ਰ ’ਤੇ ਮੁਨਸ਼ੀ ਨੂੰ ਫੋਨ ਕਰਕੇ ਦੱਸਿਆ ਕਿ ਫਾਰਮ ’ਤੇ ਕੋਈ ਫੋਨ ਨਹੀਂ ਚੁੱਕ ਰਿਹਾ। ਜਦੋਂ ਮੁਨਸ਼ੀ ਨੇ ਫਾਰਮ ’ਤੇ ਜਾ ਕੇ ਦੇਖਿਆ ਤਾਂ ਉਥੇ ਤਿੰਨ ਵਿਅਕਤੀ ਮ੍ਰਿਤ ਹਾਲਤ ਵਿੱਚ ਪਏ ਸਨ ਤੇ ਲਾਸ਼ਾਂ ਖੂਨ ਨਾਲ ਲੱਥਪੱਥ ਸਨ। ਸ੍ਰੀ ਭਿੰਡਰ ਨੇ ਕਿਹਾ ਕਿ ਉਹ ਸੂਚਨਾ ਮਿਲਦੇ ਹੀ ਫੌਰੀ ਫਾਰਮ ’ਤੇ ਆ ਗਏ ਤੇ ਪੁਲੀਸ ਨੂੰ ਸੂਚਿਤ ਕੀਤਾ।
ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲਾ ਪਰਵਾਸੀ ਮਜ਼ਦੂਰ ਸੁਖਦੇਵ 10 ਸਾਲ ਤੋਂ ਉਸ ਕੋਲ ਹੀ ਕੰਮ ਕਰ ਰਿਹਾ ਸੀ ਤੇ ਲੰਘੇ ਦਿਨ ਹੀ ਉਸ ਨੇ 25 ਸੌ ਰੁਪਏ ਲਏ ਸਨ। ਰਾਤ ਨੂੰ ਹੋ ਸਕਦਾ ਹੈ ਕਿ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੇੇ ਫਾਰਮ ’ਤੇ ਸ਼ਰਾਬ ਪੀਤੀ ਹੋਵੇ ਤੇ ਸੁਖਦੇਵ ਨੇ ਸੁੱਤੇ ਪਏ ਤਿੰਨ ਵਿਅਕਤੀਆਂ ’ਤੇ ਦਾਤ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਐੱਸਐੱਸਪੀ ਸਵਪਨ ਸ਼ਰਮਾ ਨੇ ਉਕਤ ਫਾਰਮ ਹਾਊਸ ਦਾ ਦੌਰਾ ਕੀਤਾ। ਪੁਲੀਸ ਨੇ ਮੌਕੇ ਤੋਂ ਦਾਤ ਵੀ ਬਰਾਮਦ ਕਰ ਲਿਆ ਹੈ, ਜੋ ਇੱਕ ਪਾਈਪ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ। ਪੁਲੀਸ ਨੇ ਪਰਵਾਸੀ ਮਜ਼ਦੂਰ ਸੁਖਦੇਵ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।