ਅੱਜ ਸਮੁੱਚੇ ਵਿਸ਼ਵ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਕਾਫੀ ਉਥਲ – ਪੁਥਲ ਮਚਾਈ ਹੋਈ ਹੈ । ਹਰ ਕੋਈ ਇਸ ਮਹਾਂਮਾਰੀ ਤੋਂ ਘਬਰਾ ਗਿਆ ਹੈ । ਪਰਮਾਤਮਾ ਕਰੇ ! ਇਸ ਭਿਅੰਕਰ ਮਹਾਂਮਾਰੀ ਤੋਂ ਸਮੁੱਚੇ ਵਿਸ਼ਵ ਨੂੰ ਜਲਦੀ ਤੋਂ ਜਲਦੀ ਨਿਜ਼ਾਤ ਮਿਲੇ ਅਤੇ ਹਰ ਕੋਈ ਆਪਣੇ ਘਰ – ਪਰਿਵਾਰ ਸਮੇਤ ਤੰਦਰੁਸਤ , ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰਹੇ । ਇਸ ਸੰਕਟ ਦੀ ਘੜੀ ਵਿੱਚ ਸਾਨੂੰ ਵੈਰ – ਵਿਤਕਰੇ ਭੁੱਲ – ਭੁਲਾ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਯਥਾਸੰਭਵ ਉਪਰਾਲੇ ਕਰਨ ਨੂੰ ਤਰਜੀਹ ਦੇਣੀ ਬਣਦੀ ਹੈ ਅਤੇ ਅਨੇਕਾਂ ਮਹਾਂਪੁਰਖ , ਧਾਰਮਿਕ ਸੰਸਥਾਵਾਂ , ਸਵੈ – ਸੇਵੀ ਸੰਸਥਾਵਾਂ , ਸਮਾਜ ਭਲਾਈ ਸਬੰਧੀ ਸੰਸਥਾਵਾਂ ਅਤੇ ਹੋਰ ਪਰਉਪਕਾਰੀ ਇਨਸਾਨ ਮਨੁੱਖਤਾ ਦੀ ਭਲਾਈ ਲਈ ਆਪਣੇ ਪੱਧਰ ‘ਤੇ ਤਰ੍ਹਾਂ – ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ । ਆਪਣੇ ਇਸ ਮਹਾਨ ਤੇ ਪਰਉਪਕਾਰੀ ਕੰਮ ਦੇ ਲਈ ਉਹ ਸਭ ਸੱਚੀ – ਸੁੱਚੀ ਵਧਾਈ ਦੇ ਪਾਤਰ ਵੀ ਹਨ ।
ਇਸ ਸਮੇਂ ਸਾਨੂੰ ਜਿੱਥੇ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ , ਉਥੇ ਨਾਲ ਹੀ ਸਾਫ਼ – ਸਫ਼ਾਈ , ਹੱਥਾਂ ਪੈਰਾਂ ਨੂੰ ਧੋਣਾ , ਘਰੋਂ ਬਾਹਰ ਨਾ ਨਿਕਲਣਾ ਆਦਿ – ਆਦਿ ਸਾਵਧਾਨੀਆਂ ਵੀ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ । ਇਸ ਦੇ ਨਾਲ ਹੀ ਸਾਨੂੰ ਸੋਸ਼ਲ – ਮੀਡੀਆ (ਵਟਸਐਪ , ਫੇਸਬੁੱਕ , ਇੰਸਟਾਗ੍ਰਾਮ , ਚੇਅਰਚੈਟ ਆਦਿ) ਆਦਿ ‘ ਤੇ ਇਸ ਮਹਾਂਮਾਰੀ ਸਬੰਧੀ ਜਾਂ ਹੋਰ ਮਾਨਵਤਾ ਵਿਰੋਧੀ ਨਕਾਰਾਤਮਕ ਸੂਚਨਾਵਾਂ, ਅਫਵਾਹਾਂ ਜਾਂ ਸਮਾਜ ਵਿਰੋਧੀ ਤੇ ਭੜਕਾਊ ਸੰਦੇਸ਼ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ , ਤਾਂ ਜੋ ਪੰਜਾਬ ਅਤੇ ਸਮੁੱਚੇ ਦੇਸ਼ ਵਿੱਚ ਅਮਨ – ਸ਼ਾਂਤੀ ਬਣੀ ਰਹੇ । ਇਸ ਮਹਾਂਮਾਰੀ ਸਬੰਧੀ ਸਾਨੂੰ ਆਪ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਸੁਚੇਤ ਰੱਖਣਾ ਸਾਡਾ ਫਰਜ਼ ਬਣਦਾ ਹੈ । ਇਸ ਤੋਂ ਇਲਾਵਾ ਸਾਨੂੰ ਪ੍ਰਵਾਸੀ – ਪੰਜਾਬੀਆਂ ਜਾਂ ਕਿਸੇ ਖ਼ਾਸ ਖੇਤਰ ਨੂੰ ਵੀ ਇਸ ਬਿਮਾਰੀ ਦੇ ਸਬੰਧ ਵਿੱਚ ਬੁਰਾ – ਭਲਾ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਪਿਆਰੇ ਪੰਜਾਬ ਅਤੇ ਸਮੁੱਚੇ ਦੇਸ਼ ਦੀ ਤਰੱਕੀ ਲਈ ਇਨ੍ਹਾਂ ਪ੍ਰਵਾਸੀ – ਪੰਜਾਬੀਆਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਹੈ । ਪ੍ਰਵਾਸੀ – ਪੰਜਾਬੀਆਂ ਦਾ ਦੇਸ਼ ਦੀ ਰਾਜਨੀਤੀ , ਆਰਥਿਕਤਾ ਅਤੇ ਸਮਾਜ – ਭਲਾਈ ਦੇ ਕੰਮਾਂ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਹੈ । ਇਸ ਮਹਾਂਮਾਰੀ ਨੂੰ ਕਿਸੇ ਖਾਸ ਸਥਾਨ ਨਾਲ ਜੋੜਨ ਅਤੇ ਉਸ ਨੂੰ ਬੁਰਾ – ਭਲਾ ਕਹਿਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ , ਤਾਂ ਜੋ ਸਮੁੱਚੇ ਦੇਸ਼ ਵਿੱਚ ਅਤੇ ਪੰਜਾਬ ਵਿੱਚ ਸਾਰੇ ਰਲ – ਮਿਲ ਕੇ ਅਮਨ – ਅਮਾਨ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਰਹਿਣ ਅਤੇ ਡਟ ਕੇ ਇਸ ਸਮੱਸਿਆ ਨਾਲ ਲੜ ਸਕਣ । ਆਓ ! ਮਾਨਵਤਾ ਦੀ ਭਲਾਈ ਕਰੀਏ ਅਤੇ ਰਲ – ਮਿਲ ਇਸ ਔਖੀ – ਘੜੀ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀਏ ।