ਪਿਆਰੇ ਬੱਚਿਓ ! ਕਮਲ ਧਾਰਮਿਕ ਮਹੱਤਵ ਵਾਲਾ ਫੁੱਲ ਹੈ ।ਇਹ ਪਰਮੇਸ਼ਰ ਦੀ ਸੁੰਦਰਤਾ , ਆਤਮਾ ਦੇ ਵਿਕਾਸ , ਕਾਇਨਾਤ ਦੀ ਉਤਪਤੀ , ਅਧਿਆਤਮਿਕਤਾ, ਮਨ ਦੀ ਪਵਿੱਤਰਤਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਕਮਲ ਸਾਡੇ ਦੇਸ਼ ਭਾਰਤ ਦਾ ਰਾਸ਼ਟਰੀ ਫੁੱਲ ਹੈ ਅਤੇ ਉੜੀਸਾ , ਕਰਨਾਟਕ , ਹਰਿਆਣਾ ਅਤੇ ( ਪਹਿਲਕੇ ) ਜੰਮੂ – ਕਸ਼ਮੀਰ ਦਾ ਰਾਜ – ਫੁੱਲ ਵੀ ਹੈ। ਬੱਚਿਓ !
ਇਸ ਨੂੰ ਕੰਵਲ ਜਾਂ ਕਮਲ ਵੀ ਕਿਹਾ ਜਾਂਦਾ ਹੈ। ਇਹ ਗੰਧਲੇ ਪਾਣੀ , ਚਿੱਕੜ , ਦਲਦਲ ਆਦਿ ਥਾਵਾਂ ‘ਤੇ ਪੈਦਾ ਹੋਣ ਵਾਲਾ ਫੁੱਲ ਹੈ। ਆਮ ਤੌਰ ‘ਤੇ ਇਹ ਤਲਾਬਾਂ ਅਤੇ ਛੱਪੜਾਂ ਆਦਿ ਵਿਚ ਪੈਦਾ ਹੁੰਦਾ ਹੈ। ਕਮਲ ਦਾ ਫੁੱਲ ਕਾਫੀ ਸੁੰਦਰ ਅਤੇ ਖੁਸ਼ਬੂਦਾਰ ਹੁੰਦਾ ਹੈ। ਇਹ ਇੱਕ ਸਦਾਬਹਾਰ ਫੁੱਲ ਹੈ। ਇਸ ਦਾ ਘੇਰਾ ਵੀਹ ਸੈਂਟੀਮੀਟਰ ਤੱਕ ਹੋ ਸਕਦਾ ਹੈ।
ਬੱਚਿਓ ! ਕਮਲ ਦਾ ਫੁੱਲ ਅਕਸਰ ਗੁਲਾਬੀ ਰੰਗ ਦਾ ਹੁੰਦਾ ਹੈ , ਪਰ ਕਦੇ – ਕਦੇ ਪੀਲ਼ੇ , ਚਿੱਟੇ , ਕਰੀਮ ਰੰਗ , ਲਾਲ ਤੇ ਨੀਲੇ ਰੰਗ ਦੇ ਕਮਲ ਦੇ ਫੁੱਲ ਵੀ ਦੇਖਣ ਨੂੰ ਮਿਲ ਜਾਂਦੇ ਹਨ। ਹਿੰਦੂ ਧਰਮ , ਬੁੱਧ ਧਰਮ ਅਤੇ ਚੀਨ ਦੇਸ਼ ਵਿੱਚ ਕਮਲ ਦੇ ਫੁੱਲ ਨੂੰ ਅਧਿਆਤਮਿਕ ਤੇ ਧਾਰਮਿਕ ਮਹੱਤਤਾ ਦਿੱਤੀ ਗਈ ਹੈ। ਸਾਹਿਤਕਾਰਾਂ ਨੇ ਵੀ ਆਪਣੀਆਂ ਲਿਖਤਾਂ ਵਿੱਚ ਇਸ ਫੁੱਲ ਦਾ ਜ਼ਿਕਰ ਕੀਤਾ ਹੈ। ਦੁਨੀਆਂ ਦੀਆਂ ਕਈ ਥਾਵਾਂ ‘ਤੇ ਕਮਲ ਮੰਦਰ ਵੀ ਬਣਵਾਏ ਗਏ ਹਨ।
ਬੱਚਿਓ ! ਅਨੇਕਾਂ ਧਾਰਮਿਕ ਸਥਾਨਾਂ , ਮੰਦਿਰਾਂ , ਮਸਜਿਦਾਂ , ਆਦਿ ਦੇ ਗੁੰਬਦ ਕਮਲ ਦੇ ਫੁੱਲ ਵਰਗੇ ਬਣਾਏ ਜਾਂਦੇ ਹਨ। ਭਾਰਤੀ ਕਥਾ – ਕਹਾਣੀਆਂ ਵਿੱਚ ਇਹ ਸਭ ਤੋਂ ਵੱਧ ਚਿੰਨਾਤਮਕ ਤੇ ਦਾਰਸ਼ਨਿਕ ਮਹੱਤਵ ਰੱਖਣ ਵਾਲਾ ਫੁੱਲ ਹੈ। ਪਿਆਰੇ ਬੱਚਿਓ ! ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਲੋਟਸ ਕਿਹਾ ਜਾਂਦਾ ਹੈ।
ਨੀਲ – ਕਮਲ ਵੀ ਕਮਲ ਦੀ ਇੱਕ ਕਿਸਮ ਹੈ। ਮਹਾਂਪੁਰਖ ਤੇ ਫਕੀਰ – ਲੋਕ ਪੂਜਾ – ਭਗਤੀ ਵਿੱਚ ਇਸ ਦੀ ਵਿਸ਼ੇਸ਼ ਮਹੱਤਤਾ ਦੱਸਦੇ ਹਨ। ਇਹ ਬਹੁਤ ਦੁਰਲੱਭ ਅਤੇ ਵਿਚਿੱਤਰ ਕਿਸਮ ਹੈ। ਕਥਿਤ ਤੌਰ ‘ਤੇ ਲੋਕ ਕਹਿੰਦੇ ਹਨ ਕਿ ਨੀਲ – ਕਮਲ ਪਹਾੜੀ ਦੁਰਗਮ ਚੋਟੀਆਂ , ਪਹਾੜਾਂ ਜਾਂ ਉੱਤਰਾਖੰਡ ਰਾਜ ਦੇ ਦੁਰਗਮ ਪਹਾੜੀ ਸਥਾਨਾਂ ‘ਤੇ ਕਈ – ਕਈ ਸਾਲਾਂ ਬਾਅਦ ਦਿਖਾਈ ਦਿੰਦਾ ਹੈ , ਜੋ ਕਿ ਬਹੁਤ ਸ਼ੁਭ ਤੇ ਪਵਿੱਤਰ ਮੰਨਿਆ ਜਾਂਦਾ ਹੈ।
ਧਾਰਮਿਕ ਸਾਹਿਤ ਵਿੱਚ ਕਮਲ ਦੇ ਫ਼ੁਲ ਦੀ ਵਰਤੋਂ ਆਮ ਤੌਰ ‘ਤੇ ਸੰਸਾਰਕ ਸਥਿਤੀ ਦੇ ਲੋਭ , ਲਾਲਚ , ਮੋਹ ਅਤੇ ਹੋਰ ਵਿਕਾਰਾਂ ਦੀ ਮਲੀਨਤਾ ਦੇ ਦਰਮਿਆਨ ਰਹਿ ਕੇ ਵੀ ਇਨ੍ਹਾਂ ਤੋਂ ਮੁਕਤ ਹੋ ਕੇ , ਬੱਚ ਕੇ , ਨਿਰਲੇਪ ਰਹਿ ਕੇ ਜੀਵਨ ਬਸਰ ਕਰਨ ਵਾਲੇ ਉੱਚ ਕੋਟੀ ਦੇ ਵਿਅਕਤੀਆਂ , ਮਹਾਂਪੁਰਖਾਂ ਤੇ ਵਿਦਵਾਨਾਂ ਲਈ ਕੀਤੀ ਜਾਂਦੀ ਹੈ। ਕਮਲ ਦਾ ਫੁੱਲ ਸੁੰਦਰ ਤੇ ਖੁਸ਼ਬੂਦਾਰ ਹੁੰਦਾ ਹੈ। ਇਹ ਫੁੱਲ ਅਕਸਰ ਮਾਰਚ ਮਹੀਨੇ ਤੋਂ ਅਗਸਤ ਮਹੀਨੇ ਦਰਮਿਆਨ ਖਿੜਦੇ ਹਨ।
ਇਸ ਫੁੱਲ ਦਾ ਘੇਰਾ / ਵਿਆਸ ਲਗਭਗ ਦਸ ਸੈਂਟੀਮੀਟਰ ਤੋਂ ਵੀਹ ਸੈਂਟੀਮੀਟਰ ਤੱਕ ਹੁੰਦਾ ਹੈ। ਪਿਆਰੇ ਬੱਚਿਓ ! ਕਮਲ ਦੇ ਸੁੱਕੇ ਹੋਏ ਬੀਜਾਂ ਨੂੰ ਕਮਲਗੱਟਾ ਕਿਹਾ ਜਾਂਦਾ ਹੈ। ਧਾਰਮਿਕ ਕੰਮਾਂ ਹਵਨ ਆਦਿ ਵਿੱਚ ਕਮਲਗੱਟੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਧਾਰਮਿਕ ਲੋਕ ਕਮਲਗੱਟੇ ਦੀ ਮਾਲਾ ਦੀ ਵਰਤੋਂ ਵੀ ਕਰਦੇ ਹਨ। ਵਿਗਿਆਨੀਆਂ ਦਾ ਮੱਤ ਹੈ ਕਿ ਕਮਲ ਦਾ ਫੁੱਲ ਉਭੈਲਿੰਗੀ ਹੁੰਦਾ ਹੈ। ਕਮਲ ਦਾ ਫੁੱਲ ਤਿੰਨ ਦਿਨ ਲਈ ਖਿੜਦਾ ਹੈ।
ਕਮਲ ਸ਼ਬਦ ਦੀ ਵਰਤੋਂ ਸਰੀਰਕ ਅੰਗਾਂ ਦੀ ਕੋਮਲਤਾ ਅਤੇ ਸੁੰਦਰਤਾ ਵਜੋਂ ਵੀ ਕੀਤੀ ਜਾਂਦੀ ਹੈ , ਜਿਵੇਂ : ਕਮਲ ਨਯਨ , ਚਰਨ ਕਮਲ , ਹਸਤ ਕਮਲ ਆਦਿ। ਮੁਹਾਵਰਿਆਂ , ਤੁੱਕਾਂ ਆਦਿ ਵਿੱਚ ਵੀ ਕੰਵਲ ਦੀ ਵਰਤੋਂ ਆਮ ਕੀਤੀ ਮਿਲ ਜਾਂਦੀ ਹੈ ਜਿਵੇਂ ਕੱਲਰ ਵਿੱਚ ਕੋਲ ( ਕੰਵਲ ) , ਕਮਲ ਸੁੱਤ (ਬ੍ਰਹਮਾ ) , ਕਮਲ ਬੰਧ ( ਸੂਰਜ ) , ਕਮਲ ਤਨਯ , ਕਮਲ ਕੰਤ , ਕਮਲ ਕਾਂਤ ( ਵਿਸ਼ਨੂੰ ) ਆਦਿ – ਆਦਿ। ਕਈ ਦੇਸ਼ਾਂ ਵਿੱਚ ਫੁਲਵਾੜੀਆਂ ਦੇ ਵਿੱਚ ਕਮਲ ਦਾ ਫੁੱਲ ਉਗਾਇਆ ਜਾਂਦਾ ਹੈ।
ਕਮਲ ਦਾ ਪੌਦਾ ਔਸ਼ਧੀਯ ਪੌਦਾ ਹੈ। ਮਹਾਨ ਮਹਾਰਿਸ਼ੀ ਸੁੁਸ਼ਰੁੱਤ ਤੇ ਚਰਕ ਜੀ ਨੇ ਕਮਲ ਦੇ ਪੌਦੇ ਦੇ ਗੁਣਾਂ ਤੇ ਇਸ ਦੀ ਮਹਾਨਤਾ ਦਾ ਵਰਣਨ ਕੀਤਾ। ਕਮਲ ਦੇ ਪੌਦੇ ਦੇ ਵੱਖ – ਵੱਖ ਭਾਗ ਪੰਸਾਰੀ ਕੋਲੋਂ ਹੀ ਮਿਲਦੇ ਹਨ। ਕਿਹਾ ਜਾਂਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਅਨੇਕਾਂ ਸਥਾਨਾਂ ‘ਤੇ ਕਮਲ ਦੀਆਂ ਜੜ੍ਹਾਂ ਨੂੰ ਭੋਜਨ ਵਜੋਂ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਬਹੁਤੇਰੇ ਵਿਦਵਾਨਾਂ ਦਾ ਕਹਿਣਾ ਮੰਨਣਾ ਹੈ ਕਿ ਕਮਲ ਦੇ ਪੌਦੇ ਦਾ ਮੂਲ ਸਥਾਨ ਭਾਰਤ , ਅਫਗਾਨਿਸਤਾਨ ਤੋਂ ਵੀਅਤਨਾਮ ਤੱਕ ਦਾ ਹਿੱਸਾ ਰਿਹਾ ਹੈ।
ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਚੀਨ ਦੇਸ਼ ਵਿੱਚ ਅਤੇ ਭਾਰਤ ਦੇਸ਼ ਵਿੱਚ ਕਮਲ ਦਾ ਫੁੱਲ ਲੱਗਭਗ 1200 ਈਸਵੀ ਪੂਰਵ ਤੋਂ ਪੈਦਾ ਕੀਤਾ ਜਾ ਰਿਹਾ ਹੈ । ਅੱਜ ਕੱਲ੍ਹ ਕਮਲ ਦਾ ਫੁੱਲ ਜ਼ਿਆਦਾਤਰ ਭਾਰਤ, ਪਾਕਿਸਤਾਨ, ਈਰਾਨ, ਬੰਗਲਾਦੇਸ਼, ਇਰਾਕ, ਆਸਟਰੇਲੀਆ, ਮਿਸਰ, ਮਿਆਂਮਾਰ, ਵੀਅਤਨਾਮ, ਸਿੰਘਾਪੁਰ, ਅਮਰੀਕਾ, ਇੰਡੋਨੇਸ਼ੀਆ, ਜਾਪਾਨ ਆਦਿ ਦੇਸ਼ਾਂ ਵਿੱਚ ਮਿਲਦਾ ਹੈ। ਪਿਆਰੇ ਬੱਚਿਓ !! ਸਾਨੂੰ ਬਹੁਤ ਮਾਣ ਹੈ ਕਿ ਇੰਨੀ ਮਹੱਤਤਾ ਰੱਖਣ ਵਾਲਾ ਕਮਲ ਦਾ ਫੁੱਲ ਸਾਡੇ ਦੇਸ਼ ਭਾਰਤ ਦਾ ਰਾਸ਼ਟਰੀ ਫੁੱਲ ਹੈ। ਉਮੀਦ ਹੈ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਭਰਪੂਰ ਰਚਨਾ ਕਾਫੀ ਚੰਗੀ ਤੇ ਗਿਆਨ ਵਰਧਕ ਲੱਗੀ ਹੋਵੇਗੀ। ਅਗਲੀ ਵਾਰ ਕੋਈ ਹੋਰ ਵਿਸ਼ਾ ਲੈ ਕੇ ਤੁਹਾਨੂੰ ਮਿਲਾਂਗਾ।