ਪਰਨੀਤ ਕੌਰ ਨੂੰ ਸਾਂਭਣੀ ਪਈ ਪਤੀ ਦੀ ਚੋਣ ਮੁਹਿੰਮ

ਪਟਿਆਲਾ (ਸਮਾਜ ਵੀਕਲੀ):  ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਦਾ ਮਾਮਲਾ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਲਈ ਧਰਮ ਸੰਕਟ ਬਣਿਆ ਹੋਇਆ ਸੀ ਪਰ ਹੁਣ ਉਨ੍ਹਾਂ ਆਪਣੇ ਪਤੀ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲ ਲਈ ਹੈ। ਉਹ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਖ਼ਿਲਾਫ਼ ਵੱਖਰੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਹੈ। ਪਾਰਟੀ ਵੱਲੋਂ ਨਾ ਸਿਰਫ਼ ਕੈਪਟਨ ਬਲਕਿ ਹੋਰ ਉਮੀਦਵਾਰ ਵੀ ਮੈਦਾਨ ਵਿੱਚ ਹਨ।

ਭਾਵੇਂ ਪਰਨੀਤ ਕੌਰ ਹੁਣ ਵੀ ਕਾਂਗਰਸ ਪਾਰਟੀ ਦਾ ਹੀ ਹਿੱਸਾ ਹਨ ਪਰ ਉਨ੍ਹਾਂ ਚੋਣ ਪ੍ਰਚਾਰ ਦੇ ਮਾਮਲੇ ਵਿੱਚ ਖੁਦ ਨੂੰ ਕਾਂਗਰਸ ਤੋਂ ਲਾਂਭੇ ਰੱਖਿਆ ਹੋਇਆ ਹੈ। ਉਹ ਪਤੀ ਲਈ ਵੀ ਪ੍ਰਚਾਰ ਨਹੀਂ ਕਰ ਪਾ ਰਹੇ ਸਨ, ਇੱਥੋਂ ਤੱਕ ਕਿ ਉਹ ਨਾਮਜ਼ਦਗੀ ਦਾਖਲ ਕਰਨ ਵੇਲੇ ਵੀ ਪਤੀ ਨਾਲ ਨਾ ਜਾ ਸਕੇ ਸਨ। ਐਤਕੀਂ ਕਵਰਿੰਗ ਉਮੀਦਵਾਰ ਵੀ ਸ਼ਾਹੀ ਪਰਿਵਾਰ ਦੀ ਧੀ ਜੈਇੰਦਰ ਕੌਰ ਨੂੰ ਹੀ ਬਣਾਇਆ ਗਿਆ ਹੈ ਅਤੇ ਉਸ ਨੇ ਹੀ ਆਪਣੇ ਪਿਤਾ ਦੀ ਚੋਣ ਮੁਹਿੰਮ ਸੰਭਾਲੀ ਹੋਈ ਹੈ।

ਸਾਲ 2002 ਤੋਂ 2017 ਤੱਕ ਹੋਈਆਂ ਚਾਰ ਚੋਣਾਂ ਦੌਰਾਨ ਅਮਰਿੰਦਰ ਸਿੰਘ ਆਪਣੇ ਲਈ ਬਹੁਤ ਘੱਟ ਚੋਣ ਪ੍ਰਚਾਰ ਕਰਦੇ ਰਹੇ ਹਨ। ਬਾਕੀ ਸਾਰਾ ਦਾਰੋਮਦਾਰ ਪਰਨੀਤ ਕੌਰ ਦੇ ਸਿਰ ਹੀ ਹੁੁੰਦਾ ਸੀ ਅਤੇ ਉਹ ਹਰ ਵਾਰ ਲੋਕ ਅਮਰਿੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਉਂਦੇ ਰਹੇ ਹਨ। ਸਥਾਨਕ ਲੋਕ ਸ਼ਾਹੀ ਪਰਿਵਾਰ ਦਾ ਇਸ ਕਰਕੇ ਵਧੇਰੇ ਸਤਿਕਾਰ ਕਰਦੇ ਹਨ ਕਿ ਦੇਸ਼ ਦੀ ਵੰਡ ਮੌਕੇ ਪਾਕਿਸਤਾਨ ਤੋਂ ਇੱਥੇ ਆ ਕੇ ਰਹੇ ਲੋਕਾਂ ਦੀ ਸ਼ਾਹੀ ਪਰਿਵਾਰ ਨੇ ਖ਼ਾਤਰਦਾਰੀ ਕੀਤੀ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਐਤਕੀਂ ਅਮਰਿੰਦਰ ਸਿੰਘ ਕਾਂਗਰਸ ਦੀ ਥਾਂ ਪੀਐੱਲਸੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਬਹੁਤੇ ਸਮਰਥਕ ਕੈਪਟਨ ਅਤੇ ਹੱਥ ਪੰਜੇ ਨੂੰ ਵੱਖ ਕਰ ਕੇ ਨਹੀਂ ਦੇਖਦੇ, ਜਿਸ ਕਰਕੇ ਸ਼ਾਹੀ ਪਰਿਵਾਰ ਸਮੇਤ ਕੈਪਟਨ ਖੇਮੇ ਨੂੰ ਐਤਕੀਂ ਬਦਲੇ ਚੋਣ ਨਿਸ਼ਾਨ ਕਾਰਨ ਅਮਰਿੰਦਰ ਸਿੰਘ ਦੀਆਂ ਵਧੇਰੇ ਵੋਟਾਂ ਖਰਾਬ ਹੋਣ ਦਾ ਖਦਸ਼ਾ ਵੀ ਹੈ।

ਇੱਥੋਂ ਕਾਂਗਰਸੀ ਉਮੀਦਵਾਰ ਵਿਸ਼ਨੂੰ ਸ਼ਰਮਾ ਪਲੇਠੇ ਮੇਅਰ ਰਹੇ ਹੋਣ ਕਰਕੇ ਆਪਣਾ ਆਧਾਰ ਰੱਖਦੇ ਹਨ। ਇੱਥੋਂ ਸਭ ਤੋਂ ਵੱਧ ਅੱਠ ਚੋਣਾਂ ਲੜਨ ਵਾਲੇ ਕੋਹਲੀ ਪਰਿਵਾਰ ਦੇ ਫਰਜ਼ੰਦ ਅਜੀਤਪਾਲ ਸਿੰਘ ਕੋਹਲੀ (ਸਾਬਕਾ ਮੇਅਰ) ਨੂੰ ਉਮੀਦਵਾਰ ਬਣਾ ਕੇ ‘ਆਪ’ ਨੇ ਨਹਿਲੇ ’ਤੇ ਦਹਿਲਾ ਮਾਰਿਆ ਹੈ ਕਿਉਂਕਿ ਜਿਥੇ ਕੋਹਲੀ ਪਰਿਵਾਰ ਦੀ ਸ਼ਹਿਰ ਵਾਸੀਆਂ ਨਾਲ ਨਿੱਜੀ ਅਤੇ ਵਧੇਰੇ ਸਾਂਝ ਹੈ, ਉਥੇ ਹੀ ਅਜੀਤਪਾਲ ਦੇ ਦਾਦਾ ਅਤੇ ਪਿਤਾ ਨੇ ਇਥੋਂ ਸੱਤ ਵਾਰ ਚੋਣਾਂ ਲੜਦਿਆਂ ਜਿੱੱਤਾਂ ਦਰਜ ਕਰਕੇ ਵਜ਼ੀਰੀਆਂ ਵੀ ਮਾਣੀਆਂ ਹਨ। ਕੋਹਲੀ ਪਰਿਵਾਰ ਨਾ ਸਿਰਫ਼ ਸ਼ਹਿਰ ਦੇ ਚੱਪੇ-ਚੱਪੇ ਦਾ ਭੇਤੀ ਹੈ ਬਲਕਿ ਇਸ ਪਰਿਵਾਰ ਨੂੰ ਸ਼ਹਿਰ ਵਾਸੀਆਂ ਦੀ ਨਬਜ਼ ਵੀ ਟੋਹਣੀ ਆਉਂਦੀ ਹੈ। ਇਸੇ ਤਰ੍ਹਾਂ ਅਕਾਲੀ ਦਲ ਦਾ ਉਮੀਦਵਾਰ ਹਰਪਾਲ ਜੁਨੇਜਾ ਵੀ ਕਿਸੇ ਪੱਖੋਂ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਜੁਨੇਜਾ ਨੇ ਸਭ ਤੋਂ ਪਹਿਲਾਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਪੱਖਾਂ ਅਤੇ ਮੱਦਾਂ ਕਾਰਨ ਹੀ ਆਖਰ ਪਰਨੀਤ ਕੌਰ ਨੂੰ ਆਪਣੀ ਪਤੀ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲਣ ਲਈ ਮੋਤੀ ਮਹਿਲ ਵਿਚੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ ਹੈ। ਮਾਹਰ ਮੰਨਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਪਰਨੀਤ ਕੌਰ ਹੀ ਵਧੇਰੇ ਸੁਚੱਜੇ ਢੰਗ ਨਾਲ ਚਲਾ ਸਕਦੇ ਹਨ। ਮਾਹਰ ਇਹ ਵੀ ਆਖਦੇ ਹਨ ਕਿ ਜਿੱਤ ਹਾਰ ਦਾ ਕੋਈ ਪਤਾ ਨਹੀਂ ਹੁੰਦਾ।

ਐਤਕੀਂ ਕਈ ਸ਼ਕਤੀਆਂ ਅਮਰਿੰਦਰ ਸਿੰਘ ਨੂੰ ਢਾਹੁਣ ਲਈ ਅੰਦਰੋਂ-ਅੰਦਰੀ ਸਰਗਰਮ ਹਨ। ਇਸ ਕਰਕੇ ਅਮਰਿੰਦਰ ਸਿੰਘ ਦਾ ਇਸ ਚੋਣ ਪਿੜ ਵਿੱਚੋਂ ਜੇਤੂ ਹੋ ਕੇ ਨਿਕਲਣਾ ਪਰਨੀਤ ਕੌਰ ਖ਼ਿਲਾਫ਼ ਕਾਰਵਾਈ ਨਾਲੋਂ ਕਿਤੇ ਜ਼ਰੂਰੀ ਹੈ ਕਿਉਂਕਿ ਪਰਨੀਤ ਕੌਰ ਖ਼ਿਲਾਫ਼ ਤਾਂ ਵੱਧ ਤੋਂ ਵੱਧ ਕਾਂਗਰਸ ਅਨੁਸ਼ਾਸਨੀ ਕਾਰਵਾਈ ਹੀ ਕਰ ਸਕਦੀ ਹੈ ਪਰ ਉਨ੍ਹਾਂ ਦੀ ਗੈਰ ਮੌਜੂਦਗੀ ਅਮਰਿੰਦਰ ਸਿੰਘ ਲਈ ਘਾਤਕ ਸਿੱਧ ਹੋ ਸਕਦੀ ਹੈ।

ਉਂਝ ਸੰਪਰਕ ਕਰਨ ’ਤੇ ਪਰਨੀਤ ਕੌਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਕਰ ਦਿੱਤਾ।

ਉਨ੍ਹਾਂ ਅੱਜ ਦੇਰ ਸ਼ਾਮ ਜਿਹੜੀਆਂ ਕੁਝ ਕੁ ਚੋਣ ਮੀਟਿੰਗਾਂ ਕੀਤੀਆਂ, ਉਨ੍ਹਾਂ ਵਿੱਚ ਲੋਕਾਂ ਨੂੰ ਆਪਣੇ ਪਤੀ ਦੇ ਹੱਕ ਵਿੱਚ ਭੁਗਤਣ ਲਈ ਤਾਂ ਪ੍ਰੇਰਿਆ ਪਰ ਕਾਂਗਰਸ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਨਾਸ਼ਾਹ ਵਜੋਂ ਪਾਰਟੀ ਚਲਾ ਰਿਹੈ ਕੇਜਰੀਵਾਲ: ਸੁਖਬੀਰ
Next articleਝੂਠਾ ਪ੍ਰਚਾਰ ਕਰਨ ਵਾਲੇ ‘ਆਪ’ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਾਂਗੇ: ਚੰਨੀ