ਪਰਖ ਦੀਆਂ ਘੜੀਆਂ

– ਸ਼ਾਮ ਸਿੰਘ – ਅੰਗ ਸੰਗ
              ਜਦ ਵੀ ਪਰਖ ਦਾ ਵੇਲਾ ਹੋਵੇ ਤਾਂ ਹਰੇਕ ਨੂੰ ਜਾਗਣ ਦੀ ਵੀ ਜ਼ਰੂਰਤ ਹੈ ਅਤੇ ਸੁਚੇਤ ਹੋਣ ਦੀ ਵੀ, ਵਕਤ ਦੇ ਚਿਹਰਿਆਂ ਨੂੰ ਗਹਿਰਾਈ ਨਾਲ ਪੜ੍ਹੇ ਜਾਣ ਦੀ ਲੋੜ ਵੀ ਹੈ ਅਤੇ ਇਸ ਦੇ ਬਦਲਦੇ ਤੇਵਰਾਂ ਨੂੰ ਵੀ। ਪਰਖ ਹਰੇਕ ਦੀ ਹੋਣੀ ਹੁੰਦੀ ਹੈ, ਇਸ ਤੋਂ ਕੋਈ ਨਹੀਂ ਬਚ ਸਕਦਾ। ਭਾਵੇਂ ਕੋਈ ਜਿੰਨਾ ਮਰਜ਼ੀ ਚੀਖਦਾ-ਪੁਕਾਰਦਾ ਰਹੇ, ਪਰ ਇਮਤਿਹਾਨ ਤੋਂ ਬਚ ਕੇ ਲੰਘਣਾ ਕਿਸੇ ਦੇ ਵੱਸ ਦੀ ਗੱਲ ਨਹੀਂ।

ਪਰਖ ਜਦ ਵੀ ਹੋਵੇ ਡਰ ਅਤੇ ਘਬਰਾਹਟ ਨੂੰ ਨੇੜੇ ਨਹੀਂ ਫਟਕਣ ਦੇਣਾ ਚਾਹੀਦਾ, ਸਗੋਂ ਚੜ੍ਹਦੀ ਕਲਾ ‘ਤੇ ਸਵਾਰ ਹੋਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਆਸਾਨੀ ਨਾਲ ਅੱਗੇ ਵਧਣ ਲਈ ਰਾਹ ਲੱਭੇ ਜਾ ਸਕਣ। ਅਜਿਹਾ ਤਾਂ ਹੀ ਸੰਭਵ ਹੈ, ਜੇ ਸੋਚ ਸਫਰ ਦੀ ਥਕਾਵਟ ਵੱਲ ਨਾ ਹੋਵੇ, ਸਗੋਂ ਟੀਚੇ ਜਾਂ ਮਿੱਥੇ ਹੋਏ ਨਿਸ਼ਾਨੇ ਵੱਲ ਹੋਵੇ। ਇਸ ਤਰ੍ਹਾਂ ਹੋਣ ਨਾਲ ਪਰਖ ਦੀਆਂ ਘੜੀਆਂ ਨਾ ਤਾਂ ਬੋਝ ਲੱਗਦੀਆਂ ਹਨ ਅਤੇ ਨਾ ਹੀ ਤਕਲੀਫ਼ਾਂ ਦਾ ਜੰਜਾਲ।

ਦੁਨੀਆ ਭਰ ਦੇ ਲੋਕਾਂ ਦੀ ਪਰਖ ਅਕਸਰ ਹੀ ਹੁੰਦੀ ਰਹਿੰਦੀ ਹੈ, ਜਿਸ ਦਾ ਸਾਹਮਣਾ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਵੀ ਕਰਦਾ ਹੈ ਅਤੇ ਢੰਗਾਂ ਨਾਲ ਵੀ। ਇਹ ਢੰਗ-ਤਰੀਕੇ ਹਰ ਥਾਂ ਵੱਖੋ-ਵੱਖਰੇ ਵੀ ਹੁੰਦੇ ਹਨ ਅਤੇ ਕਈ ਵਾਰ ਅਚੰਭੇ ਵਾਲੇ ਵੀ। ਪਰਖ ਦੀਆਂ ਘੜੀਆਂ ਦਾ ਸਾਹਮਣਾ ਕਰਦਿਆਂ ਕਈ ਵਾਰ ਲਾਭ ਹੁੰਦੇ ਹਨ ਅਤੇ ਕਈ ਵਾਰ ਤਾਂ ਬਹੁਤ ਵੱਡੇ ਨੁਕਸਾਨ।

ਭਾਰਤ ਦੇ ਲੋਕਾਂ ਲਈ ਤਾਂ ਘੜੀ-ਘੜੀ ਪਰਖ ਦੀਆਂ ਘੜੀਆਂ ਆਉਂਦੀਆਂ ਰਹਿੰਦੀਆਂ ਹਨ। ਕਿਉਂਕਿ ਇਮਤਿਹਾਨ ਹੀ ਏਨੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਆਸਾਨ ਕੰਮ ਨਹੀਂ। ਫੇਰ ਵੀ ਬਲਿਹਾਰੇ ਜਾਈਏ ਭਾਰਤੀਆਂ ਦੇ, ਜਿਹੜੇ ਕਈ ਵਾਰ ਏਨੀ ਕਮਾਲ ਕਰਦੇ ਹਨ ਕਿ ਖੱਬੀ ਖਾਨ ਸਰਕਾਰਾਂ ਨੂੰ ਉਲਟਾ ਮਾਰਦੀਆਂ ਤੇ ਦੂਜੀ ਵਾਰ ਰਾਹ ਨਹੀਂ ਲੱਭਣ ਦਿੰਦੀਆਂ।

ਪਿਛਲੇ ਕਾਫ਼ੀ ਅਰਸੇ ਤੋਂ ਭਾਰਤ ਦਹਿਸ਼ਤ ਦੇ ਸ਼ਿਕੰਜੇ ਵਿੱਚ ਫਸਿਆ ਹੋਇਆ ਹੈ, ਜਿਸ ‘ਚੋਂ ਨਿਕਲਣ ਬਾਰੇ ਜੇ ਨਾ ਸੋਚਿਆ ਗਿਆ ਤਾਂ ਚੰਗੇ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇ ਭਵਿੱਖ ਵਿੱਚ ਚੰਗੇ ਦਿਨਾਂ ਦੀ ਉਮੀਦ ਰੱਖਣੀ ਹੈ ਤਾਂ ਨਵੀਆਂ ਕਲਾ-ਜੁਗਤਾਂ ਨਾਲ ਸੋਚ ਕੇ ਉਹ ਨਵੇਂ ਪੈਂਤੜੇ ਲੈਣੇ ਪੈਣਗੇ, ਜਿਹੜੇ ਹੰਕਾਰੀਆਂ ਨੂੰ ਸਬਕ ਸਿਖਾ ਸਕਣ।

ਹੁਣ ਭਾਰਤੀਆਂ ਨੂੰ ਇਹ ਸੋਚਣਾ ਪੈਣਾ ਹੈ ਕਿ ਉਨ੍ਹਾਂ ਦਹਿਸ਼ਤਜ਼ਦਾ ਮਾਹੌਲ ਵਿੱਚ ਰਹਿਣ ਨੂੰ ਤਰਜੀਹ ਦੇਣੀ ਹੈ ਜਾਂ ਫਿਰ ਡਰ-ਰਹਿਤ ਆਜ਼ਾਦ ਫਿਜ਼ਾ ਨੂੰ ਸਿਰਜਣ ਦੀ। ਫ਼ਿਰਕਾਪ੍ਰਸਤੀ ਦੀਆਂ ਅਦਾਵਾਂ ਵਿੱਚ ਰਹਿਣਾ ਹੈ ਜਾਂ ਫਿਰ ਜ਼ਹਿਰੀਲੀਆਂ ਹਵਾਵਾਂ ਵਿੱਚ। ਜਾਪਦਾ ਹੈ ਕਿ ਭਾਰਤੀ ਅਣਖ ‘ਤੇ ਸਵਾਰ ਹੋ ਕੇ ਨਵੇਂਪਨ ਨੂੰ ਆਵਾਜ਼ ਦੇਣਗੇ।

ਬੇਰੁਜ਼ਗਾਰ ਲੋਕ, ਭੁੱਖਾਂ ਮਾਰੇ ਲੋਕ, ਕਰਜ਼ਿਆਂ ਦੀ ਮਾਰ ਹੇਠ ਆਏ ਕਿਸਾਨ-ਮਜ਼ਦੂਰ ਅਤੇ ਸਾਰਾ ਦਿਨ ਪਸੀਨਾ ਵਹਾ ਕੇ ਦੋ ਡੰਗ ਦੀ ਰੋਟੀ ਵਾਸਤੇ ਤਰਸਦੇ ਲੋਕ ਜ਼ਰੂਰ ਮੁਲਕ ਦੇ ਹਾਲਾਤ ਨੂੰ ਜਾਣ ਕੇ ਪੜ੍ਹ ਕੇ ਅਜਿਹੇ ਕਦਮ ਉਠਾਉਣ ਦੇ ਯਤਨ ਕਰਨਗੇ, ਜਿਹੜੇ ਹਾਕਮਾਂ ਨੂੰ ਬਦਲ ਕੇ ਰੱਖ ਦੇਣਗੇ। ਅਜਿਹਾ ਕੀਤੇ ਬਿਨਾਂ ਹਾਲਾਤ ਨਹੀਂ ਸੁਧਰਨੇ।

ਪੰਜ ਸਾਲਾਂ ਪਿੱਛੋਂ ਵਕਤ ਆ ਰਿਹਾ ਜਦ ਦੇਸ਼ ਦੇ ਰੁਝਾਨ ਬਦਲੇ ਜਾ ਸਕਦੇ ਹਨ ਅਤੇ ਰਾਜ-ਭਾਗ ਦੇ ਤੌਰ-ਤਰੀਕੇ ਲੋਕ ਪੱਖੀ ਕੀਤੇ ਜਾ ਸਕਦੇ ਹਨ ਤਾਂ ਜੋ ਲੋਕਾਂ ਦੀ ਜੀਵਨ-ਪੱਧਰ ਵਿੱਚ ਉਹ ਵੱਡੀ ਤਬਦੀਲੀ ਲਿਆਂਦੀ ਜਾ ਸਕੇ, ਜਿਹੜੀ ਵਰ੍ਹਿਆਂ-ਵਰ੍ਹਿਆਂ ਤੋਂ ਨਹੀਂ ਆ ਸਕੀ। ਕਿਉਂ ਨਾ ਸਭ ਦਾ ਜੀਵਨ-ਪੱਧਰ ਇਕੋ ਜਿਹਾ ਹੀ ਹੋਵੇ।

ਭਾਰਤੀਆਂ ਨੂੰ ਹੁਣ ਪਾਰਟੀਆਂ ਬਾਰੇ ਬਹੁਤਾ ਨਾ ਸੋਚ ਕੇ ਉਹ ਸਿਆਸਤ ਅਪਣਾਉਣੀ ਚਾਹੀਦੀ ਹੈ, ਜਿਹੜੀ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਹੋਵੇ ਅਤੇ ਮੁਲਕ ਨੂੰ ਵਿਕਾਸ ਵੱਲ ਤੋਰਨ ਦੇ ਸਮਰੱਥ ਹੋਵੇ। ਸਭ ਭਾਰਤੀ ਇਹੋ ਚਾਹੁੰਦੇ ਹੋਣਗੇ ਕਿ ਹਰੇਕ ਦਾ ਜੀਵਨ ਸਹੂਲਤਾਂ ਕਾਰਨ ਖੁਸ਼ੀਆਂ ਨਾਲ ਭਰਿਆ ਹੋਵੇ ਅਤੇ ਚਿੰਤਾ-ਮੁਕਤ ਅਤੇ ਖੁਸ਼ਹਾਲ ਹੋਵੇ।

ਜੇ ਲੋਕਾਂ ਨੇ ਆਪਣੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਬਾਰੇ ਰੁਝਾਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਤਾਂ ਸਿਆਸਤਦਾਨਾਂ ਨੂੰ ਕਨਸੋਅ ਹੋ ਜਾਵੇਗੀ ਕਿ ਲੋਕ ਹੁਣ ਪਹਿਲਾਂ ਵਾਂਗ ਅੱਖਾਂ ਮੀਚ ਕੇ ਹੱਕ ਵਿੱਚ ਨਹੀਂ ਭੁਗਤਣਗੇ, ਸਗੋਂ ਆਪਣੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਦੀ ਸ਼ਰਤ ਰੱਖਣ ਲੱਗਣਗੇ।

ਹਰ ਪੰਜ ਸਾਲ ਪਿੱਛੋਂ ਆਉਂਦੀ ਪਰਖ ਦੀ ਘੜੀ ‘ਤੇ ਪੂਰੇ ਉਤਰਨ ਦਾ ਅਭਿਆਸ ਭਾਰਤੀ ਕਰਨ ਲੱਗ ਪਏ ਤਾਂ ਰਾਜਨੀਤੀਵਾਨਾਂ ਨੂੰ ਸਬਕ ਸਿੱਖਣ ਲਈ ਮਿਹਨਤ ਵੀ ਕਰਨੀ ਪਵੇਗੀ ਅਤੇ ਇਸ ਲਈ ਤਿਆਰ ਵੀ ਰਹਿਣਾ ਪਵੇਗਾ। ਅਜਿਹਾ ਹੋਣ ਲੱਗ ਪਿਆ ਤਾਂ ਭਾਰਤ ਮੁੜ ਸੋਨੇ ਦੀ ਚਿੜੀ ਦਾ ਰੂਪ ਧਾਰਨ ਵੱਲ ਵਧ ਪਵੇਗਾ।

ਸਿਆਸਤਦਾਨਾਂ ਨੇ ਪੂਰੇ ਦੇਸ਼ ਵਿੱਚ ਵੱਡਾ ਘਮਸਾਣ ਪੈਦਾ ਕੀਤਾ ਹੋਇਆ ਹੈ ਅਤੇ ਸੌਦੇਬਾਜ਼ੀਆਂ ਪੂਰੇ ਜ਼ੋਰਾਂ ‘ਤੇ ਹਨ, ਜਿਨ੍ਹਾਂ ਦਾ ਮਕਸਦ ਗੱਦੀਆਂ ਪ੍ਰਾਪਤ ਕਰਨਾ ਹੀ ਹੋਵੇਗਾ। ਚੰਗਾ ਹੋਵੇ ਜੇ ਗੱਦੀਆਂ ਉਨ੍ਹਾਂ ਨੂੰ ਮਿਲਣ, ਜਿਹੜੇ ਮੁਲਕ ਨੂੰ ਅਗਾਂਹ ਲਿਜਾਣ ਬਾਰੇ ਵੀ ਸੋਚਦੇ ਹੋਣ ਅਤੇ ਲੋਕਾਂ ਨੂੰ ਵੀ।

ਪਰਖ ਦੀਆਂ ਘੜੀਆਂ ਪਹਿਲਾਂ ਵੀ ਕਈ ਵਾਰ ਆਈਆਂ ਅਤੇ ਭਾਰਤੀਆਂ ਨੇ ਉਨ੍ਹਾਂ ਤਾਨਾਸ਼ਾਹ ਹਾਕਮਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਨ੍ਹਾਂ ਮਨਮਰਜ਼ੀਆਂ ਚਲਾ ਕੇ ਦੇਸ਼ ਨੂੰ ਪਿਛਾਂਹ ਵੱਲ ਤੋਰਿਆ ਅਤੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਹਾਕਮਾਂ ਨੂੰ ਕੰਨ ਹੋ ਗਏ ਅਤੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵੱਲ ਵੀ ਧਿਆਨ ਦਿੱਤਾ।

ਹੁਣ ਜੇ ਭਾਰਤੀ ਵੋਟਰਾਂ ਨੇ ਪਰਖ ਦੀਆਂ ਘੜੀਆਂ ਵੇਲੇ ਸਿਆਸਤਦਾਨਾਂ ਦੇ ਤੇਵਰਾਂ ਨੂੰ ਨਾ ਪਛਾਣਿਆ ਅਤੇ ਸਹੀ ਰਾਜਨੀਤਕ ਪਾਰਟੀਆਂ ਨੂੰ ਵੋਟ ਨਾ ਪਾਈ ਤਾਂ ਪੂਰੇ ਮੁਲਕ ਦੇ ਲੋਕਾਂ ਨੂੰ 5 ਸਾਲ ਪਛਤਾਉਣਾ ਪਵੇਗਾ। ਜ਼ਰੂਰੀ ਹੈ ਕਿ ਸਿਆਣੇ ਲੋਕ ਵੋਟਰਾਂ ਨੂੰ ਜਾਗਰੂਕ ਕਰਕੇ ਦੇਸ਼ ਦਾ ਭਵਿੱਖ ਸੰਵਾਰਨ।

ਇਹ ਵੱਡਾ ਇਮਤਿਹਾਨ ਆ ਰਿਹੈ, ਜਿਸ ਵਿੱਚੋਂ ਪਾਸ ਹੋ ਕੇ ਨਿਕਲਣ ਦੀ ਲੋੜ ਹੈ ਤਾਂ ਜੋ ਪਰਖ ਦੀਆਂ ਘੜੀਆਂ ਵਿੱਚ ਪਰਖੇ ਜਾਣ ਵਾਲੇ ਸਹੀ ਪਾਸੇ ਵੱਲ ਹੀ ਤੁਰਨ। ਅਜਿਹਾ ਤਾਂ ਹੀ ਹੋ ਸਕੇਗਾ, ਜੇ ਗਲਤ/ਠੀਕ ਦੀ ਸਮਝ ਹੋਵੇ ਅਤੇ ਉਨ੍ਹਾਂ ਪਾਰਟੀਆਂ ਨੂੰ ਹੀ ਚੁਣਿਆ ਜਾਵੇ, ਜੋ ਦੇਸ਼ ਦਾ ਫਿਕਰ ਕਰਨ।

ਬੀ. ਐੱਸ. ਬੀਰ
ਮਹਿਰਮ ਪਰਵਾਰ ਦੇ ਸਿਰਜਕ ਬੀ ਐੱਸ ਬੀਰ ਨੇ ਥੋੜ੍ਹੇ ਸਮੇਂ ਵਿੱਚ ਵੱਡੇ ਕੰਮ ਕੀਤੇ। ਪੰਜਾਬੀ ਵਿੱਚ ਤਿੰਨ ਪਰਚੇ ਇਕੋ ਸਮੇਂ ਕੱਢ ਕੇ ਉਸ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਉਸ ਨੂੰ ਸਿਰੇ ਤੱਕ ਲਿਜਾਣਾ ਕੋਈ ਮੁਸ਼ਕਲ ਕੰਮ ਨਹੀਂ। ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦਾ ਰਿਹਾ ਅਤੇ ਗਲਪ ਵੀ। ਕਹਾਣੀਆਂ ਵਿੱਚ ਉਹ ਸੱਚ ਅਤੇ ਤੱਤ ਨੂੰ ਵੀ ਫੜਦਾ ਸੀ ਅਤੇ ਰੌਚਿਕਤਾ ਦੀ ਸਿਰਜਣਾ ਨੂੰ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ।

ਅਜੇ ਹੁਣੇ ਜਿਹੇ ਉਸ ਦੀ ਸਮੁੱਚੀ ਕਵਿਤਾ ਦੀ ਵੱਡ-ਆਕਾਰੀ ਪੁਸਤਕ ਵੀ ਆਈ ਹੈ, ਜੋ ਮੈਂ ਅਜੇ ਪੜ੍ਹ ਹੀ ਰਿਹਾ ਸਾਂ ਕਿ ਬੀਰ ਦੇ ਦੁਨੀਆ ਤੋਂ ਤੁਰ ਜਾਣ ਦੀ ਦੁਖਦਾਈ ਖ਼ਬਰ ਆ ਗਈ। ਪ੍ਰਧਾਨ ਮੰਤਰੀ ਸਨ ਡਾ. ਮਨਮੋਹਨ ਸਿੰਘ, ਜਦ ਬੀਰ ਨੇ ਉਨ੍ਹਾਂ ਦੀ ਜੀਵਨੀ ਲਿਖੀ ਅਤੇ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਬੜੇ ਵੱਡੇ ਸਮਾਗਮ ਵਿੱਚ ਬਹੁਤ ਚਾਵਾਂ ਨਾਲ ਰਿਲੀਜ਼ ਕਰਵਾਈ, ਜਿਸ ਵਿੱਚ ਨਾਮੀ ਲੇਖਕ ਅਤੇ ਪੱਤਰਕਾਰ ਸ਼ਾਮਲ ਹੋਏ। ਬੀ ਐੱਸ ਬੀਰ ਦੇ ਜਾਣ ਦਾ ਦੁੱਖ ਹੈ, ਜਿਸ ਦਾ ਘਾਟਾ ਪੂਰਾ ਹੋਣਾ ਕਿਸੇ ਤਰ੍ਹਾਂ ਵੀ ਮੁਮਕਿਨ ਨਹੀਂ।

ਲਤੀਫ਼ੇ ਦਾ ਚਿਹਰਾ ਮੋਹਰਾ
ਲੜਕੀ : ਕਿਆ ਖਾ ਰਹੇ ਹੋ
ਲੜਕਾ : ਮੂੰਗਫਲੀ ਹੀ ਕੇਵਲ
ਲੜਕੀ : ਇਕੱਲੇ-ਇਕੱਲੇ ਹੀ
ਲੜਕਾ : 8 ਰੁਪਏ ਦੀ ਮੂੰਗਫ਼ਲੀ ਦਾ ਹੋਰ ਭੰਡਾਰਾ ਲਗਾ ਦਿਆਂ।
***
ਅਧਿਆਪਕ : ਆਪਣੀ ਤਾਰੀਫ਼ ਕਰਨਾ ਮੂਰਖਤਾ ਹੈ
ਵਿਦਿਆਰਥੀ : ਜਨਾਬ ਆਪਣੀ ਸਿਫ਼ਤ ਆਪ ਨਾ ਕਰੀਏ ਤਾਂ ਹੋਰ ਕੌਣ ਕਰੂ। ਨਿੰਦਾ ਕਰਨ ਵਾਲੇ ਤਾਂ ਪੂਰਾ ਸੰਸਾਰ ਬਣਾਈ ਬੈਠੇ ਨੇ।

Previous articleScientists finally know how long a day is on Saturn: 10:23:38
Next article£2.5 million to boost international exchanges for schools