ਅੰਮ੍ਰਿਤਸਰ – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਡਾ. ਮਨਜੀਤਪਾਲ ਕੌਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾ. ਤੇਜਵੰਤ ਸਿੰਘ ਗਿੱਲ ਦੀ ਸੁਪਤਨੀ ਡਾ. ਮਨਜੀਤਪਾਲ ਕੌਰ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਬਹੁਤ ਹੀ ਮਿਲਣਸਾਰ ਸਨ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਬਤੌਰ ਪ੍ਰੋਫ਼ੈਸਰ ਤੇ ਮੁੱਖੀ ਸ਼ਲਾਘਾਯੋਗ ਕੰਮ ਕੀਤਾ।ਉਹ ਜਿੱਥੇ ਖ਼ੁਦ ਨਾਟਕਕਾਰ ਸਨ, ਉੱਥੇ ਉਨ੍ਹਾਂ ਨੇ ਕਾਵਿ-ਨਾਟ ‘ਤੇ ਖੋਜ ਕੀਤੀ।
ਉਨ੍ਹਾਂ ਦਾ ਅਧਿਆਪਨ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਵਿਦਿਆਰਥੀ ਅੱਜ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।ਉਹ ਪਰਕਸ ਦੇ ਜੀਵਨ ਮੈਂਬਰ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਨੂੰ ਨਾ-ਪੂਰਨਯੋਗ ਘਾਟਾ ਪਿਆ ਹੈ। ਉਹ ਭਾਵੇਂ ਇਸ ਸੰਸਾਰ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਸਾਹਿਤ ਜਗਤ ਨੂੰ ਪਾਈ ਵੱਡਮੁਲੀ ਦੇਣ ਉਨ੍ਹਾਂ ਦੇ ਨਾਂ ਨੂੰ ਸਦਾ ਕਾਇਮ ਰੱਖੇਗੀ।