ਅੰਮ੍ਰਿਤਸਰ (ਸਮਾਜ ਵੀਕਲੀ)- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਇਕ ਸਾਂਝੇ ਬਿਆਨ ਵਿਚ ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਕੱਤਰ ਗੁਰਮੀਤ ਪਲਾਹੀ ਅਤੇ ਅੰਮ੍ਰਿਤਸਰ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਇੰਜ ਹਰਜਾਪ ਸਿੰਘ ਔਜਲਾ, ਸ. ਕੁਲਵੰਤ ਸਿੰਘ ਅਣਖੀ, ਇੰਜ.ਦਲਜੀਤ ਸਿੰਘ ਕੋਹਲੀ, ਸ੍ਰੀ ਅੰਮ੍ਰਿਤ ਲਾਲ ਮੰਨਣ, ਪ੍ਰਧਾਨ ਸ. ਮਨਮੋਹਨ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਸ. ਹਰਦੀਪ ਸਿੰਘ ਚਾਹਲ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਮੀਤ ਪ੍ਰਧਾਨ ਸੁਰਿੰਦਰ ਜੀਤ ਸਿੰਘ ਬਿੱਟੂ , ਸ. ਗਿਆਨ ਸਿੰਘ ਸੱਗੂ, ਜਨਰਲ ਸਕੱਤਰ ਸ. ਨਿਸ਼ਾਨ ਸਿੰਘ ਸੋਹੀ ਤੇ ਸਮੂਹ ਮੈਂਬਰਾਨ ਨੇ ਕਿਹਾ ਕਿ ਵੇਦਾਤੀਂ ਜੀ ਬਹੁਤ ਹੀ ਸੂਝਵਾਨ ਤੇ ਉੱਚ ਕੋਟੀ ਦੇ ਵਿਦਵਾਨ ਸਨ ।
ਉਨ੍ਹਾਂ ਨੇ ਸ੍ਰੀ ਹਰਿ ਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀਆਂ ਸੇਵਾਵਾਂ ਬਖ਼ੂਬੀ ਨਿਭਾਈਆਂ। ਉਨ੍ਹਾਂ ਸਿੱਖੀ ਦੇ ਪ੍ਰਚਾਰ ਲਈ ਵਿਦੇਸ਼ਾਂ ਦੀ ਯਾਤਰਾ ਕੀਤੀ । ਉਹ ਗੁਰਬਾਣੀ ਦੀ ਵਿਆਕਰਣ ਤੇ ਟੀਕਾਕਾਰੀ ਦੇ ਮਾਹਿਰ ਸਨ। ਉਨ੍ਹਾਂ ਸਮੇਂ ਸਮੇਂ ਲੇਖ ਲਿਖਣ ਤੋਂ ਇਲਾਵਾ ਪੁਸਤਕਾਂ ਲਿਖੀਆਂ।ਉਨ੍ਹਾਂ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਸੰਪਾਦਨਾ ਕੀਤੀ।ਗੁਰੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀ ਪੁਸਤਕ ਗੁਰਬਾਣੀ ਨਿਯਮਾਵਲੀ ਪ੍ਰਕਾਸ਼ਿਤ ਹੋ ਚੁੱਕੀ ਹੈ ਤੇ ਨਿੱਤਨੇਮ ਦੀਆਂ ਬਾਣੀਆਂ ਸਟੀਕ ਛਪਾਈ ਅਧੀਨ ਹੈ।ਉਨ੍ਹਾਂ ਦੇ ਵਖ-ਵਖ ਧਾਰਮਿਕ ਰਸਾਲਿਆਂ ਵਿੱਚ ਗੁਰਬਾਣੀ ਖੋਜ ਉਪਰ ਲੇਖ ਛਪੇ ਹਨ। ਉਹ ਸੁਸਾਇਟੀ ਅਤੇ ਮੰਚ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਰਹਿ ਹਨ।
ਉਨ੍ਹਾਂ 21 ਮਾਰਚ 2010 ਦੇ ਸੁਸਾਇਟੀ ਵਲੋਂ ਕਰਵਾਏ ਕਵੀ ਦਰਬਾਰ ਤੇ ਅਸਟਰੇਲੀਆ ਨਿਵਾਸੀ ਗਿਆਨੀ ਸੰਤੋਖ ਸਿੰਘ ਨਾਲ ਰੂ-ਬਰੂ ਸਮਾਗਮ ਦੀ ਪ੍ਰਧਾਨਗੀ ਵੀ ਕੀਤੀ। ਉਹ ਵਾਹਿਗੁਰੂ ਵਲੋਂ ਬਖ਼ਸ਼ੀ ਆਯੂ ਭੋਗ ਕਿ ਇਸ ਫ਼ਾਨੀ ਸੰਸਾਰ ‘ਚੋਂ ਭਾਵੇਂ ਚਲੇ ਗਏ ਹਨ ਪਰ ਉਨ੍ਹਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਗੁਰਬਾਣੀ ਦੇ ਪ੍ਰਚਾਰ ਲਈ ਕੀਤੇ ਸਾਹਿਤਕ ਕਾਰਜਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਤਾ ਜਾਂਦਾ ਰਹੇਗਾ।
ਜਾਰੀ ਕਰਤਾ ਡਾ. ਚਰਨਜੀਤ ਸਿੰਘ ਗੁਮਟਾਲਾ, 91-9417533060